ਨਵੀਂ ਦਿੱਲੀ-ਅਮਰੀਕਾ ਵਿੱਚ ਹਿੰਦੂ ਮੰਦਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਘਟਨਾਕ੍ਰਮ ਵਿੱਚ, ਇਸ ਹਫ਼ਤੇ ਦੇ ਸ਼ੁਰੂ ਵਿੱਚ ਇੰਡੀਆਨਾ ਵਿੱਚ ਇੱਕ ਹਿੰਦੂ ਮੰਦਰ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਇਹ ਘਟਨਾ 10 ਅਗਸਤ ਨੂੰ ਗ੍ਰੀਨਵੁੱਡ ਸਿਟੀ ਦੇ ਬੀਏਪੀਐਸ ਸਵਾਮੀਨਾਰਾਇਣ ਮੰਦਰ ਵਿੱਚ ਵਾਪਰੀ ਸੀ।
ਸ਼ਿਕਾਗੋ ਵਿੱਚ ਭਾਰਤੀ ਕੌਂਸਲੇਟ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਅਤੇ ਇਸਨੂੰ “ਨਿੰਦਣਯੋਗ” ਕਿਹਾ। ਇੱਕ ਬਿਆਨ ਵਿੱਚ, ਕੌਂਸਲੇਟ ਨੇ ਕਿਹਾ ਕਿ ਮੰਦਰ ਦੇ ਮੁੱਖ ਸਾਈਨ ਬੋਰਡ ਨੂੰ ਵਿਗਾੜ ਦਿੱਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਮੰਦਰ ਦੇ ਖੇਤਰ ਵਿੱਚ ਸ਼ਰਾਰਤੀ ਅਨਸਰਾਂ ਵਿਰੁੱਧ ਚੌਕਸੀ ਵਰਤਣ ਦੀ ਮੰਗ ਕੀਤੀ ਹੈ।
ਐਕਸ ਪੋਸਟ ਵਿੱਚ ਕਿਹਾ ਗਿਆ ਹੈ, “ਇੰਡੀਆਨਾ ਦੇ ਗ੍ਰੀਨਵੁੱਡ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਰ ਦੇ ਮੁੱਖ ਸਾਈਨ ਬੋਰਡ ਦੀ ਬੇਅਦਬੀ ਨਿੰਦਣਯੋਗ ਹੈ।” ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸਨੇ “ਤੁਰੰਤ ਕਾਰਵਾਈ” ਲਈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਹੈ।