ਕੈਰੋ – ਗਾਜ਼ਾ ਪੱਟੀ ਦੇ ਪੂਰਬੀ ਖੇਤਰ ’ਚ ਇਜ਼ਰਾਈਲ ਦੇ ਹਮਲੇ ’ਚ 11 ਲੋਕਾਂ ਦੀ ਮੌਤ ਹੋ ਗਈ। ਉਥੇ ਹੀ, ਫ਼ਲਸਤੀਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਕੁਪੋਸ਼ਣ ਤੇ ਭੁੱਖਮਰੀ ਦੇ ਚੱਲਦਿਆਂ ਪੰਜ ਨਾਗਰਿਕਾਂ ਨੇ ਦਮ ਤੋੜ ਦਿੱਤਾ। ਜੰਗਬੰਦੀ ’ਤੇ ਗੱਲਬਾਤ ਲਈ ਹਮਾਸ ਮੁਖੀ ਖਰੀਰ ਅਲ ਹਾਇਆ ਮਿਸਰ ਦੀ ਰਾਜਧਾਨੀ ਕੈਰੋ ਪਹੁੰਚ ਗਏ ਹਨ।
ਜੰਗਬੰਦੀ ਲਈ ਜੁਲਾਈ ’ਚ ਕਤਰ ’ਚ ਹੋਈ ਗੱਲਬਾਤ ਅਸਫਲ ਹੋ ਗਈ ਸੀ। ਉਥੇ ਹੀ, ਇਜ਼ਰਾਈਲ ਨੇ ਕਿਹਾ ਕਿ ਗਾਜ਼ਾ ਸ਼ਹਿਰ ’ਤੇ ਪੂਰੇ ਕੰਟਰੋਲ ਲਈ ਉਹ ਅਕਤੂਬਰ ਤੋਂ ਹਮਲੇ ਤੇਜ਼ ਕਰੇਗਾ। ਇਜ਼ਰਾਇਲੀ ਪੀਐੱਮ ਬੈਂਜਾਮਿਨ ਨੇਤਨਯਾਹੂ ਦੇ ਇਸ ਐਲਾਨ ’ਤੇ ਇਜ਼ਰਾਈਲ ’ਚ ਅੰਦਰਖਾਤੇ ਵੀ ਰੇੜਕਾ ਦੇਖਿਆ ਜਾ ਰਿਹਾ ਹੈ। ਇਜ਼ਰਾਈਲ ਦੇ ਫ਼ੌਜ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਫ਼ਲਸਤੀਨ ਦੇ ਕਬਜ਼ੇ ’ਚ ਇਜ਼ਰਾਇਲੀ ਬੰਦੀਆਂ ਦੀ ਜਾਨ ਨੂੰ ਖ਼ਤਰਾ ਵੱਧ ਸਕਦਾ ਹੈ ਤੇ ਇਜ਼ਰਾਇਲੀ ਫ਼ੌਜੀ ਵੀ ਮੌਤ ਦੇ ਜਾਲ ’ਚ ਫਸ ਸਕਦੇ ਹਨ। ਇਸ ਨਾਲ ਗਾਜ਼ਾ ਦੇ 22 ਲੱਖ ਲੋਕਾਂ ’ਤੇ ਸੰਕਟ ਹੋਰ ਡੂੰਘਾ ਹੋਣ ਦਾ ਖ਼ਦਸ਼ਾ ਹੈ। ਤਾਜ਼ਾ ਘਟਨਾਕ੍ਰਮ ’ਚ ਬਰਤਾਨੀਆ, ਕੈਨੇਡਾ, ਆਸਟ੍ਰੇਲੀਆ, ਫਰਾਂਸ ਤੇ ਜਾਪਾਨ ਸਮੇਤ 24 ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਨੇ ਗਾਜ਼ਾ ’ਚ ਗ਼ੈਰ-ਮਨੁੱਖੀ ਹਾਲਾਤ ’ਤੇ ਚਿੰਤਾ ਪ੍ਰਗਟਾਈ ਤੇ ਇਜ਼ਰਾਈਲ ਤੋਂ ਮੰਗ ਕੀਤੀ ਕਿ ਲੋਕਾਂ ਤੱਕ ਮਨੁੱਖੀ ਮਦਦ ਨੂੰ ਬੇਰੋਕਟੋਕ ਪਹੁੰਚਣ ਦਿੱਤਾ ਜਾਵੇ।