ਢਾਹਾਂ ਸਾਹਿਤ ਪੁਰਸਕਾਰ ਞੰਡ ਸਮਾਗਮ 13 ਨਵੰਬਰ ਨੂੰ

ਸਰੀ – ਪੰਜਾਬੀ ਦੇ ਸਭ ਤੋਂ ਵੱਡੇ ਢਾਹਾਂ ਸਾਹਿਤ ਪੁਰਸਕਾਰਾਂ ਲਈ ਸਾਲ 2025 ਵਾਸਤੇ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਐਲਾਨ ਕੀਤਾ ਗਿਆ। ਬੀਤੇ ਦਿਨ ਐਲਾਨੇ ਗਏ ਤਿੰਨ ਫਾਈਨਲਿਸਟਾਂ ਵਿਚ ਉਘੇ ਲੇਖਕ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’, ਪਾਕਿਸਤਾਨੀ ਲੇਖਕ ਮੁਦੱਸਰ ਬਸ਼ੀਰ ਦੇ ਨਾਵਲ ‘ਗੋਇਲ’ ਅਤੇ ਕਹਾਣੀਕਾਰ ਭਗਵੰਤ ਰਸੂਲਪੁਰੀ ਦੇ ਕਹਾਣੀ ਸੰਗ੍ਰਹਿ ‘ਡਲਿਵਰੀ ਮੈਨ’ ਨੂੰ ਚੁਣਿਆ ਗਿਆ ਹੈ। 25000 ਹਜ਼ਾਰ ਡਾਲਰ ਦੇ ਪਹਿਲੇ ਇਨਾਮ ਅਤੇ 10-10 ਹਜ਼ਾਰ ਦੇ ਦੋ ਦੂਸਰੇ ਇਨਾਮਾਂ ਤੇ 6000 ਡਾਲਰ ਦੇ ਲਿਪੀਅੰਤਰ ਇਨਾਮ ਸਮੇਤ ਕੁਲ 51,000 ਡਾਲਰ ਦੇ ਇਨਾਮਾਂ ਲਈ ਮੁੱਖ ਸਮਾਗਮ 13 ਨਵੰਬਰ ਨੂੰ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਖੇ ਕੀਤਾ ਜਾਵੇਗਾ ਜਿਥੇ ਜੇਤੂ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਵਰਨਣਯੋਗ ਹੈ ਕਿ ਜਿਊਰੀ ਨੂੰ ਇਸ ਸਾਲ, ਇਸ ਪੁਰਸਕਾਰ ਲਈ ਭਾਰਤ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਤੋਂ 55 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਜਿਹਨਾਂ ਚੋ ਉਕਤ ਤਿੰਨ ਪੁਸਤਕਾਂ ਤੇ ਲੇਖਕਾਂ ਦੀ ਚੋਣ ਕੀਤੀ ਗਈ। ਪਹਿਲੇ ਇਨਾਮ ਜੇਤੂ ਦਾ ਐਲਾਨ 13 ਨਵੰਬਰ ਨੂੰ ਸਰੀ, ਬੀਸੀ ਦੇ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਸਮਾਰੋਹ ਦੌਰਾਨ ਕੀਤਾ ਜਾਵੇਗਾ। ਢਾਹਾਂ ਸਾਹਿਤ ਫਾਊਡੇਸ਼ਨ ਦੇ ਬਾਨੀ ਬਰਜ ਢਾਹਾਂ ਨੇ ਕਿਹਾ ਕਿ ਸਾਡਾ ਮਿਸ਼ਨ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ‘ਤੇ ਮਨਾਉਣਾ ਅਤੇ ਉੱਚਾ ਚੁੱਕਣਾ ਹੈ। ਪੰਜਾਬੀ ਗਲਪ ਵਿੱਚ ਸ਼ਕਤੀਸ਼ਾਲੀ ਨਵੀਆਂ ਕਹਾਣੀਆਂ ਨੂੰ ਪਛਾਣ ਕੇ, ਸਾਡਾ ਉਦੇਸ਼ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦਾ ਸਮਰਥਨ ਕਰਨਾ ਅਤੇ ਸਰਹੱਦਾਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਲਬੀਰ ਮਾਧੋਪੁਰੀ ਨੇ ਕਿਹਾ ਕਿ ਜਿਊਰੀ ਵਲੋਂ ਪੁਰਸਕਾਰਾਂ ਲਈ ਪ੍ਰਾਪਤ ਅਰਜੀਆਂ ਚੋ ਤਿੰਨ ਫਾਈਨਲਿਸਟਾਂ ਦਾ ਚੋਣ ਬਹੁਤ ਹੀ ਯੋਗ ਤੇ ਨਿਰਪੱਖ ਢੰਗ ਨਾਲ ਕੀਤੀ ਗਈ ਹੈ।