ਮੁੰਬਈ ਬਿਊਰੋ : ਲਗਪਗ 18 ਸਾਲ ਤਕ ਭਾਰਤੀ ਕ੍ਰਿਕਟ ਟੀਮ ਲਈ ਖੇਡਣ ਤੋਂ ਬਾਅਦ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਹੁਣ ਆਪਣੀ ਨਵੀਂ ਪਾਰੀ ਮਨੋਰੰਜਨ ਜਗਤ ‘ਚ ਕ੍ਰਿਕਟ ਕੁਮੈਂਟਰੀ ਦੇ ਨਾਲ ਕਰ ਰਹੇ ਹਨ। ਸਾਲ 2021 ‘ਚ ਰਿਲੀਜ਼ ਹੋਈ ਤਮਿਲ ਫਿਲਮ ‘ਫ੍ਰੈਂਡਸ਼ਿਪ’ ਨਾਲ ਅਦਾਕਾਰੀ ਦੀ ਦੁਨੀਆ ‘ਚ ਕਦਮ ਰੱਖਣ ਵਾਲੇ ਹਰਭਜਨ ਮਾਨ ਆਪਣੀ ਪਤਨੀ ਤੇ ਅਦਾਕਾਰਾ ਗੀਤਾ ਬਸਰਾ ਨਾਲ ਯੂਟਿਊਬ ‘ਤੇ ਚੈਟ ਸ਼ੋਅ ‘ਹੂ ਇਜ਼ ਦ ਬੌਸ’ ਦੀ ਮੇਜ਼ਬਾਨੀ ਵੀ ਕਰ ਰਹੇ ਹਨ।
ਤਮਿਲ ਫਿਲਮ ‘ਚ ਕੰਮ ਕਰਨ ਬਾਰੇ ਹਰਭਜਨ ਕਹਿੰਦੇ ਹਨ, “ਮੇਰੇ ਮਨ ਵਿਚ ਕਦੇ ਵੀ ਫਿਲਮਾਂ ‘ਚ ਕੰਮ ਕਰਨ ਦਾ ਵਿਚਾਰ ਨਹੀਂ ਸੀ। ਚੇਨਈ ਸੁਪਰ ਕਿੰਗਜ਼ ਦੀ ਟੀਮ ਵੱਲੋਂ ਆਈਪੀਐਲ ਖੇਡਦੇ ਸਮੇਂ, ਮੈਂ ਇਕ ਦੋਸਤ ਦੀ ਮਦਦ ਨਾਲ ਤਮਿਲ ਭਾਸ਼ਾ ‘ਚ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਲੋਕਾਂ ਨੇ ਉਹ ਟਵੀਟ ਬਹੁਤ ਪਸੰਦ ਕੀਤੇ।
ਉਹੀ ਦੇਖ ਕੇ ਪ੍ਰੋਡਿਊਸਰ ਨੇ ਮੈਨੂੰ ਫਿਲਮ ਦਾ ਆਫਰ ਦਿੱਤਾ ਤੇ ਕਿਹਾ ਕਿ ਤੁਹਾਡੀ ਫੈਨ ਫਾਲੋਇੰਗ ਬਹੁਤ ਚੰਗੀ ਹੈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਪਹਿਲਾਂ ਕਦੇ ਵੀ ਪ੍ਰੋਫੈਸ਼ਨਲ ਅਦਾਕਾਰੀ ਨਹੀਂ ਕੀਤੀ, ਨਾ ਹੀ ਮੈਨੂੰ ਇਹ ਆਉਂਦੀ ਹੈ। ਫਿਰ ਵੀ ਉਨ੍ਹਾਂ ਕਿਹਾ ਕਿ ਅਸੀਂ ਸੰਭਾਲ ਲਵਾਂਗੇ। ਹੁਣ ਇਸ ਦੇ ਨਾਲ ਹੀ ਉਹ ਚੰਗੇ ਪੈਸੇ ਵੀ ਦੇ ਰਹੇ ਸਨ ਤਾਂ ਮੈਂ ਸੋਚਿਆ ਕਿ ਕਰ ਲੈਂਦੇ ਹਾਂ। ਜੇ ਕੁਝ ਨਹੀਂ ਹੋਇਆ ਤਾਂ ਇਕ ਤਜੁਰਬਾ ਤਾਂ ਹੋਵੇਗਾ।”
ਹਾਲਾਂਕਿ, ਐਕਟਿੰਗ ਕਰਨਾ ਮੇਰੇ ਲਈ ਵੱਖਰੀ ਚੁਣੌਤੀ ਸੀ। ਰੋਣ ਵਾਲੇ ਸੀਨ ‘ਚ ਮੈਨੂੰ ਰੋਣਾ ਹੀ ਨਹੀਂ ਆ ਰਿਹਾ ਸੀ। ਟੀਮ ਗਲਿਸਰੀਨ ਲਗਾਉਂਦੀ ਸੀ, ਫਿਰ ਵੀ ਮੇਰਾ ਰੋਣ ਵਾਲਾ ਚਿਹਰਾ ਨਹੀਂ ਬਣਦਾ ਸੀ। ਫਿਲਮ ਦੇ ਤਮਿਲ ਡਾਇਲਾਗ ਮੈਨੂੰ ਸਮਝ ਨਹੀਂ ਆ ਰਹੇ ਸਨ। ਜੋ ਦੂਜਾ ਬੋਲਦਾ ਸੀ, ਮੈਂ ਸਿਰਫ ਉਹੀ ਦੁਹਰਾਉਂਦਾ ਸੀ।