ਅਮਰੀਕਾ ’ਚ ਮੁੜ ਉਭਰਿਆ ‘ਭਾਰਤ ’ਚ ਮੇਰੀ ਜਾਨ ਨੂੰ ਖਤਰਾ ਹੈ’ ਦਾ ਮੁੱਦਾ

ਚੰਡੀਗੜ੍ਹ – ਪੰਜਾਬ ਦੇ ਲੋਕਾਂ ਵੱਲੋਂ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ’ਚ ਅਪਰਾਧ ਕਰਨ ਤੋਂ ਬਾਅਦ ਡਿਪੋਰਟ ਹੋਣ ਦੀ ਨੌਬਤ ਆਉਣ ’ਤੇ ‘ਭਾਰਤ ’ਚ ਮੇਰੀ ਜਾਨ ਨੂੰ ਖਤਰਾ ਹੈ’ ਦਲੀਲ ਦੇਣ ਦਾ ਮੁੱਦਾ ਇਕ ਵਾਰੀ ਮੁੜ ਉੱਭਰ ਆਇਆ ਹੈ। ਅਮਰੀਕਾ ’ਚ 12 ਅਗਸਤ ਨੂੰ ਲਾਪਰਵਾਹੀ ਨਾਲ ਟਰੱਕ ਦੇ ਯੂਟਰਨ ਲੈਣ ਕਾਰਨ ਤੋ ਵਾਪਰੇ ਹਾਦਸੇ ’ਚ ਗ੍ਰਿਫ਼ਤਾਰ ਪੰਜਾਬੀ ਮੂਲ ਦੇ ਡਰਾਈਵਰ ਹਰਜਿੰਦਰ ਸਿੰਘ (25) ਨੇ ਇਹ ਕਹਿ ਕੇ ਭਾਰਤ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉੱਥੇ ਉਸਦੀ ਜਾਨ ਨੂੰ ਖ਼ਤਰਾ ਹੈ। ਹਰਜਿੰਦਰ ਸਿੰਘ ਦਾ ਭਾਰਤ ’ਚ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਸ਼ਰਨ ਲੈਣ ਦਾ ਮਾਮਲਾ ਨਵਾਂ ਨਹੀਂ ਹੈ, ਹਜ਼ਾਰਾਂ ਨੌਜਵਾਨਾਂ ਤੇ ਭਾਰਤ-ਵਿਰੋਧੀ ਅਨਸਰਾਂ ਨੇ ਅਜਿਹਾ ਕਰ ਕੇ ਵਿਦੇਸ਼ ’ਚ ਸਿਆਸੀਸ਼ਰਨ ਲਈ ਹੋਈ ਹੈ।

ਹਰਜਿੰਦਰ ਨੂੰ ਫਲੋਰਿਡਾ ਹਾਈਵੇ ਸੇਫਟੀ ਐਂਡ ਮੋਟਰ ਵ੍ਹੀਕਲਸ ਨੇ ਲਾਪਰਵਾਹੀ ਨਾਲ ਟਰੱਕ ਚਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਉਸਦੀ ਲਾਪਰਵਾਹੀ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਹੁਣ ਉਸਨੂੰ ਵਾਪਸ ਭਾਰਤ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਤਾਂ ਉਸਨੇ ਭਾਰਤ ਪਰਤਣ ’ਤੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਹ 2019 ਤੋਂ ਅਮਰੀਕਾ ’ਚ ਸ਼ਰਨਾਰਥੀ ਦੇ ਰੂਪ ’ਚ ਰਹਿ ਰਿਹਾ ਹੈ। ਹਰਜਿੰਦਰ ਸਿੰਘ ਨੇ ਸਤੰਬਰ 2018 ’ਚ ਦੱਖਣੀ ਸਰਹੱਦ ਪਾਰ ਕਰ ਕੇ ਕੈਲੀਫੋਰਨੀਆ ’ਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਹੋਇਆ ਸੀ। ਸਰਹੱਦ ਪਾਰ ਕਰਨ ਦੇ ਦੋ ਦਿਨਾਂ ਬਾਅਦ ਹੀ ਬਾਰਡਰ ਪੈਟਰੋਲ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਅਮਰੀਕੀ ਪ੍ਰਸ਼ਾਸਨ ਨੇ ਉਸਨੂੰ ਫਾਸਟ ਟ੍ਰੈਕ ਡਿਪੋਰਟੇਸ਼ਨ ਦੀ ਪ੍ਰਕਿਰਿਆ ’ਚ ਪਾ ਦਿੱਤਾ ਸੀ। ਉਸ ਸਮੇਂ ਵੀ ਹਰਜਿੰਦਰ ਨੇ ਦਾਅਵਾ ਕੀਤਾ ਸੀ ਕਿ ਭਾਰਤ ’ਚ ਉਸਦੀ ਜਾਨ ਨੂੰ ਖ਼ਤਰਾ ਹੈ।

ਅਮਰੀਕੀ ਕਾਨੂੰਨ ਮੁਤਾਬਕ, ਪਰਵਾਸੀ ਸ਼ਰਨਾਰਥੀ ਜੇਕਰ ਦਾਅਵਾ ਕਰਦੇ ਹਨ ਕਿ ਉਹ ਆਪਣੇ ਦੇਸ਼ ’ਚ ਨਸਲ, ਕਿਸੇ ਖਾਸ ਸਮਾਜਿਕ ਸਮੂਹ ਦੀ ਮੈਂਬਰਸ਼ਿਪ, ਸਿਆਸੀ ਵਿਚਾਰਧਾਰਾ, ਧਰਮ ਦੇ ਕਾਰਨ ਸ਼ੋਸ਼ਣ ਜਾਂ ਸ਼ੋਸ਼ਣ ਦੇ ਡਰ ਤੋਂ ਵਾਪਸ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਅਮਰੀਕਾ ’ਚ ਰੁਕਣ ਦਿੱਤਾ ਜਾਂਦਾ ਹੈ। ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ ਨੇ ਜਨਵਰੀ 2019 ’ਚ ਉਸਨੂੰ ਪੰਜ ਹਜ਼ਾਰ ਡਾਲਰ ਦੇ ਇਮੀਗ੍ਰੇਸ਼ਨ ਬਾਂਡ ’ਤੇ ਰਿਹਾਅ ਕਰ ਦਿੱਤਾ ਸੀ। ਜੂਨ 2021 ’ਚ ਬਾਇਡਨ ਪ੍ਰਸ਼ਾਸਨ ਨੇ ਉਸਨੂੰ ਵਰਕ ਪਰਮਿਟ ਜਾਰੀ ਕੀਤਾ ਜਿਸਦੇ ਬਾਅਦ ਉਸਨੇ ਕੈਲੀਫੋਰਨੀਆ ’ਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (ਸੀਡੀਐੱਲ) ਪ੍ਰਾਪਤ ਕਰ ਲਿਆ।

ਸਾਬਕਾ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤਾਂ ਜਨਤਕ ਰੂਪ ਨਾਲ ਇਹ ਕਹਿ ਚੁੱਕੇ ਹਨ ਕਿ ਉਹ ਨੌਜਵਾਨਾਂ ਨੂੰ ਵਿਦੇਸ਼ ’ਚ ਸਿਆਸੀ ਸ਼ਰਨ ਲੈਣ ਲਈ ਆਪਣੇ ਲੈਟਰ ਹੈੱਡ ’ਤੇ ਲਿਖ ਕੇ ਦਿੰਦੇ ਹਨ। ਇਸ ਬਦਲੇ ਉਨ੍ਹਾਂ ਤੋਂ 50 ਹਜ਼ਾਰ ਰੁਪਏ ਤੱਕ ਲੈਂਦੇ ਹਨ ਜਿਸ ਨਾਲ ਉਹ ਆਪਣੀ ਸਿਆਸੀ ਪਾਰਟੀ ਚਲਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਤੱਕ 50 ਹਜ਼ਾਰ ਲੋਕਾਂ ਨੂੰ ਅਮਰੀਕਾ, ਬਰਤਾਨੀਆ, ਜਰਮਨੀ ਆਦਿ ਦੇਸ਼ਾਂ ’ਚ ਸਿਆਸੀ ਸ਼ਰਨ ਦਿਵਾ ਚੁੱਕੇ ਹਨ। ਇਹ ਲੋਕ ਉਨ੍ਹਾਂ ਦੀ ਵਿਚਾਰਧਾਰਾ ਦਾ ਵੀ ਸਮਰਥਨ ਕਰਦੇ ਹਨ। ਸਿਮਰਨਜੀਤ ਸਿੰਘ ਮਾਨ ਇਸ ਨੂੰ ਗ਼ਲਤ ਨਹੀਂ ਮੰਨਦੇ।