ਨਵੀਂ ਦਿੱਲੀ-ਐੱਪਲ ਭਾਰਤ ‘ਚ ਆਪਣੇ ਆਉਣ ਵਾਲੇ ਆਈਫੋਨ 17 ਲਾਈਨਅਪ ਦੇ ਸਾਰੇ ਮਾਡਲਾਂ ਦੀ ਮੈਨੂਫੈਕਚਰਿੰਗ ਕਰੇਗਾ। ਇਸ ਵਿਚ ਦੋ ਪ੍ਰੋ ਮਾਡਲ ਵੀ ਸ਼ਾਮਲ ਹਨ। ਰਿਪੋਰਟਾਂ ਅਨੁਸਾਰ, ਕੰਪਨੀ ਦੇ ਨਵੇਂ ਆਈਫੋਨ ਮਾਡਲ ਸਤੰਬਰ ‘ਚ ਲਾਂਚ ਹੋਣਗੇ। ਐੱਪਲ ਲਾਂਚ ਦੇ ਨਾਲ ਹੀ ਅਮਰੀਕਾ ‘ਚ ‘ਮੇਡ ਇਨ ਇੰਡੀਆ’ ਆਈਫੋਨ ਵੇਚੇਗਾ। ਬਲੂਮਬਰਗ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੇ ਟ੍ਰੇਡ ਵਾਰ ਕਾਰਨ, ਐੱਪਲ ਨੇ ਚੀਨ ‘ਤੇ ਆਪਣੀ ਨਿਰਭਰਤਾ ਘਟਾਉਣ ਲਈ ਡਿਵਾਈਸ ਪ੍ਰੋਡਕਸ਼ਨ ਲਈ ਭਾਰਤ ਦਾ ਰੁਖ਼ ਕੀਤਾ ਹੈ।
ਐੱਪਲ ਭਾਰਤ ‘ਚ ਇਸ ਵੇਲੇ ਆਪਣੀਆਂ 5 ਫੈਕਟਰੀਆਂ ‘ਚ ਆਈਫੋਨ ਪ੍ਰੋਡਕਸ਼ਨ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਦੋ ਹਾਲ ਹੀ ‘ਚ ਖੁੱਲ੍ਹੀਆਂ ਹਨ। ਅਮਰੀਕਾ ‘ਚ ਆਈਫੋਨ ਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਭਾਰਤ ‘ਚ ਆਪਣੀ ਪ੍ਰੋਡਕਸ਼ਨ ਵਧਾਉਣ ‘ਤੇ ਕੰਮ ਕਰ ਰਹੀ ਹੈ। ਟੈਰੀਫ ‘ਚ ਖਤਰੇ ਤੇ ਭੂ-ਰਾਜਨੀਤਕ ਤਣਾਅ ਕਾਰਨ ਐੱਪਲ ਨੂੰ ਮੌਜੂਦਾ ਤਿਮਾਹੀ ‘ਚ ਟ੍ਰੇਡ ਫੀਸ ਤੋਂ ਲਗਪਗ 1.1 ਅਰਬ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਦਿਨ ਪਹਿਲਾਂ ਐੱਪਲ ਨੂੰ ਭਾਰਤ ‘ਚ ਆਈਫੋਨ ਦਾ ਉਤਪਾਦਨ ਨਾ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ‘ਚ ਵੇਚੇ ਜਾਣ ਵਾਲੇ ਆਈਫੋਨ ਦਾ ਉਤਪਾਦਨ ਯੂਐੱਸ ‘ਚ ਹੀ ਹੋਣਾ ਚਾਹੀਦਾ ਹੈ। ਇਸ ਦੇ ਬਾਵਜੂਦ ਐੱਪਲ ਦਾ ਧਿਆਨ ਭਾਰਤ ਵਿਚ ਆਪਣੇ ਉਤਪਾਦਨ ਨੂੰ ਜਾਰੀ ਰੱਖਣ ਅਤੇ ਵਧਾਉਣ ‘ਤੇ ਹੈ।
ਭਾਰਤ ‘ਚ ਆਈਫੋਨ ਦੇ ਉਤਪਾਦਨ ‘ਚ ਟਾਟਾ ਗਰੁੱਪ ਕੇਂਦਰੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਰਿਪੋਰਟਾਂ ਅਨੁਸਾਰ, ਅਗਲੇ ਦੋ ਸਾਲਾਂ ‘ਚ ਭਾਰਤ ਵਿਚ ਲਗਪਗ ਅੱਧੇ ਤੋਂ ਵੱਧ ਆਈਫੋਨ ਦਾ ਉਤਪਾਦਨ ਕੀਤਾ ਜਾਵੇਗਾ। ਤਮਿਲਨਾਡੂ ‘ਚ ਟਾਟਾ ਦੇ Hosur ਪਲਾਂਟ ਅਤੇ ਬੈਂਗਲੁਰੂ ਹਵਾਈ ਅੱਡੇ ਨੇੜੇ ਫੋਕਸਕੋਨ ਦੇ ਪਲਾਂਟ ‘ਚ ਆਈਫੋਨ ਦਾ ਉਤਪਾਦਨ ਪਹਿਲਾਂ ਹੀ ਹੋ ਰਿਹਾ ਹੈ।
ਐੱਪਲ ਦੇ ਚੀਨ ਤੋਂ ਭਾਰਤ ‘ਚ ਉਤਪਾਦਨ ਸ਼ੁਰੂ ਕਰਨ ਨਾਲ ਭਾਰਤ ਦੀ ਬਰਾਮਦ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਅਪ੍ਰੈਲ ਅਤੇ ਜੁਲਾਈ ਦੇ ਵਿਚਕਾਰ ਆਈਫੋਨ ਦੀ ਸ਼ਿਪਮੈਂਟ ਵਧ ਕੇ 7.5 ਬਿਲੀਅਨ ਡਾਲਰ ਤਕ ਪਹੁੰਚ ਗਈ ਹੈ। ਇਹ ਪਿਛਲੇ ਵਿੱਤੀ ਸਾਲ ਦੇ ਬਿਲਕੁਲ ਅੱਧੇ ਦੇ ਬਰਾਬਰ ਹੈ। ਪਿਛਲੇ ਵਿੱਤੀ ਸਾਲ ਵਿਚ ਐੱਪਲ ਨੇ 17 ਬਿਲੀਅਨ ਡਾਲਰ ਦੇ ਆਈਫੋਨ ਦਾ ਨਿਰਯਾਤ ਕੀਤਾ ਸੀ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਐਪਲ ਦੀ ਭਾਰਤ ‘ਤੇ ਨਿਰਭਰਤਾ ਵਧ ਰਹੀ ਹੈ।
ਵਿੱਤੀ ਸਾਲ 2025 ‘ਚ ਐੱਪਲ ਨੇ ਭਾਰਤ ਵਿਚ 22 ਬਿਲੀਅਨ ਡਾਲਰ ਦੇ ਆਈਫੋਨ ਅਸੈਂਬਲ ਕੀਤੇ। ਇਹ ਅੰਕੜਾ ਕੰਪਨੀ ਦੇ ਗਲੋਬਲ ਆਈਫੋਨ ਉਤਪਾਦਨ ਦਾ 20 ਪ੍ਰਤੀਸ਼ਤ ਹੈ। ਐਪਲ ਨੇ ਚੀਨ ਤੋਂ ਭਾਰਤ ਦਾ ਰੁਖ ਕੋਵਿਡ ਦੇ ਦੌਰਾਨ ਕੀਤਾ ਸੀ। ਇਸ ਦੇ ਨਾਲ ਹੀ ਹਾਲੀਆ ਦਿਨਾਂ ਵਿਚ ਅਮਰੀਕਾ ਅਤੇ ਚੀਨ ਦੇ ਵਿਚਕਾਰ ਚੱਲ ਰਹੇ ਟ੍ਰੇਡ ਵਾਰ ਤੋਂ ਬਾਅਦ ਐਪਲ ਦੀ ਨਿਰਭਰਤਾ ਭਾਰਤ ਵਿਚ ਵਧੀ ਹੈ।