ਤਿੰਨ ਦਰਜਨ ਵਿਧਾਇਕਾਂ ਦੀ ਕਾਰਗੁਜ਼ਾਰੀ ਤੋਂ ਲੋਕ ਨਾਖੁਸ਼

ਚੰਡੀਗੜ੍ਹ- ਵਿਧਾਨ ਸਭਾ ਦੀਆਂ ਚੋਣਾਂ ਨੂੰ ਕਰੀਬ ਡੇਢ ਸਾਲ ਦਾ ਸਮਾਂ ਪਿਆ ਹੈ, ਪਰ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਹੁਕਮਰਾਨ ਧਿਰ ਆਮ ਆਦਮੀ ਪਾਰਟੀ ਨੇ ਜਥੇਬੰਦਕ ਢਾਂਚੇ ਵਿਚ ਵੱਡਾ ਬਦਲਾਅ ਕੀਤਾ ਹੈ। ਪਾਰਟੀ ਦੇ ਮਹਿਲਾ ਵਿੰਗ, ਐੱਸਸੀ ਵਿੰਗ, ਵਪਾਰ ਵਿੰਗ ਸਣੇ ਵੱਖ-ਵੱਖ ਵਰਗਾਂ ਨਾਲ ਸਬੰਧਤ ਬੋਰਡ ਬਣਾ ਕੇ ਪਾਰਟੀ ਦੇ ਆਗੂਆਂ, ਵਲੰਟਰੀਅਰਜ਼ ਨੂੰ ਐਡਜਸਟ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਆਗੂਆਂ ਨੂੰ ਅਹੁਦੇਦਾਰੀਆਂ ਦੇ ਕੇ ਖੁਸ਼ ਕੀਤਾ ਜਾ ਸਕੇ। ਸੂਤਰ ਦੱਸਦੇ ਹਨ ਕਿ ਪਾਰਟੀ ਨੇ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਹੇਠਲੇ ਪੱਧਰ ’ਤੇ ਵਿਧਾਇਕਾਂ ਤੇ ਪਾਰਟੀ ਦੇ ਹੋਰ ਆਗੂਆਂ ਬਾਰੇ ਫੀਡਬੈਕ ਪ੍ਰਾਪਤ ਕੀਤੀ ਹੈ।

ਦੱਸਿਆ ਜਾਂਦਾ ਹੈ ਕਿ ਤਿੰਨ ਦਰਜਨ ਦੇ ਕਰੀਬ ਵਿਧਾਇਕਾਂ, ਜਿਨ੍ਹਾਂ ਵਿਚ ਕੁਝ ਮੰਤਰੀ ਵੀ ਸ਼ਾਮਲ ਹਨ, ਬਾਰੇ ਰਿਪੋਰਟ ਬਹੁਤੀ ਚੰਗੀ ਨਹੀਂ ਮਿਲੀ। ਹੇਠਲੇ ਪੱਧਰ ’ਤੇ ਲੋਕ ਤੇ ਵਲੰਟੀਅਰਜ਼ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। ਦਿਲਚਸਪ ਗੱਲ ਹੈ ਕਿ ਇੱਕ ਸਾਬਕਾ ਮੰਤਰੀ, ਜਿਸ ਨੂੰ ਪਾਰਟੀ ਹਾਈਕਮਾਨ ਨੇ ਮੰਤਰੀ ਮੰਡਲ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ, ਬਾਰੇ ਰਿਪੋਰਟ ਹਾਂ-ਪੱਖੀ ਮਿਲੀ ਹੈ। ਸੂਤਰ ਦੱਸਦੇ ਹਨ ਕਿ ਜਿਹੜੇ ਵਿਧਾਇਕਾਂ ਦੀ ਰਿਪੋਰਟ ਮਾੜੀ ਮਿਲੀ ਹੈ, ਉਨ੍ਹਾਂ ਦੇ ਹਲਕਿਆਂ ਵਿਚ ਪਾਰਟੀ ਨੇ ਹੋਰ ਆਗੂਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦ ਕਿ ਕਈ ਹਲਕਿਆਂ ਵਿਚ ਪਿਛਲੇ ਦਿਨਾਂ ਦੌਰਾਨ ਨਵੇਂ ਹਲਕਾ ਇੰਚਾਰਜ ਵੀ ਲਗਾ ਦਿੱਤੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਟਿਕਟ ਮਿਲੇਗੀ ਜਾਂ ਨਹੀਂ ਜਾਂ ਕਿਸੇ ਹੋਰ ਜਿੱਤਣ ਵਾਲੇ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ।

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਾਰ ਤੋਂ ਬਾਅਦ ਪਾਰਟੀ ਪੰਜਾਬ ਵਿਚ 2027 ’ਚ ਹੋਣ ਵਾਲੀਆਂ ਚੋਣਾਂ ਹਰ ਹਾਲਤ ਵਿਚ ਜਿੱਤਣਾਚਾਹੁੰਦੀ ਹੈ। ਇਹੀ ਕਾਰਨ ਹੈ ਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮੁਨੀਸ਼ ਸਿਸੋਦੀਆ ਸੂਬੇ ਵਿਚ ਵੱਖ-ਵੱਖ ਸਮਾਗਮਾਂ ਵਿਚ ਸਰਗਰਮੀ ਨਾਲ ਹਿੱਸਾ ਲੈ ਕੇ ਲੋਕਾਂ ਨੂੰ ਲਾਮਬੰਦ ਕਰਨ ਲੱਗੇ ਹੋਏ ਹਨ। ਮੁਨੀਸ਼ ਸਿਸੋਦੀਆ ਨੇ ਪਿਛਲੇ ਦਿਨਾਂ ਦੌਰਾਨ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਹਨ। ਮਹਿਲਾ ਵਿੰਗ ਦੀ ਮੀਟਿੰਗ ਦੌਰਾਨ ਮੁਨੀਸ਼ ਸਿਸੋਦੀਆ ਨੇ ਹਰ ਹਾਲਤ ਵਿਚ ਚੋਣਾਂ ਜਿੱਤਣ ਬਾਰੇ ਸੰਬੋਧਨ ਵੀ ਕੀਤਾ ਸੀ। ਸੋਸ਼ਲ ਮੀਡੀਆ ’ਤੇ ਚੋਣ ਜਿੱਤਣ ਬਾਰੇ ਹਰ ਹੀਲ੍ਹਾ ਵਸੀਲਾ ਵਰਤਣ ਵਾਲੀ ਵੀਡਿਓ ਵਾਇਰਲ ਹੋਣ ਨਾਲ ਮੁਨੀਸ਼ ਸਿਸੋਦੀਆ ਰਾਜਸੀ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਨਿਸ਼ਾਨੇ ’ਤੇ ਆ ਗਏ ਸਨ।