ਨਵੀਂ ਦਿੱਲੀ –ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਹਮਾਸ ਨਿਸ਼ਤਰੀਕਰਨ, ਫਿਲੀਸਤੀਨੀ ਖੇਤਰ ‘ਚ ਬਚੇ ਹੋਏ ਸਾਰੇ ਬੰਧਕਾਂ ਦੀ ਰਿਹਾਈ ਅਤੇ ਤੇਲ ਅਵੀਵ ਦੀਆਂ ਸ਼ਰਤਾਂ ‘ਤੇ ਯੁੱਧ ਖਤਮ ਕਰਨ ‘ਤੇ ਸਹਿਮਤ ਨਹੀਂ ਹੋਇਆ ਤਾਂ ਗਾਜ਼ਾ ਸ਼ਹਿਰ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਇਹ ਚਿਤਾਵਨੀ ਉਸ ਸਮੇਂ ਦਿੱਤੀ ਗਈ ਹੈ ਜਦੋਂ ਇਜ਼ਰਾਈਲ ਇਸ ਖੇਤਰ ‘ਚ ਵੱਡੇ ਪੱਧਰ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, “ਜਲਦੀ ਹੀ ਗਾਜ਼ਾ ‘ਚ ਹਮਾਸ ਦੇ ਕਾਤਲਾਂ ਤੇ ਬਲਾਤਕਾਰੀਆਂ ਦੇ ਸਿਰ ‘ਤੇ ਨਰਕ ਦੇ ਦੁਆਰ ਖੁੱਲ੍ਹ ਜਾਣਗੇ – ਜਦ ਤਕ ਉਹ ਯੁੱਧ ਖਤਮ ਕਰਨ ਲਈ ਇਜ਼ਰਾਈਲ ਦੀਆਂ ਸ਼ਰਤਾਂ ‘ਤੇ ਸਹਿਮਤ ਨਹੀਂ ਹੁੰਦੇ, ਮੁੱਖ ਤੌਰ ‘ਤੇ ਸਾਰੇ ਬੰਧਕਾਂ ਦੀ ਰਿਹਾਈ ਅਤੇ ਉਨ੍ਹਾਂ ਦਾ ਨਿਸ਼ਤਰੀਕਰਨ।”
ਉਨ੍ਹਾਂ ਕਿਹਾ, “ਜੇਕਰ ਉਹ ਸਹਿਮਤ ਨਹੀਂ ਹੁੰਦੇ, ਤਾਂ ਹਮਾਸ ਦੀ ਰਾਜਧਾਨੀ ਗਾਜ਼ਾ, ਰਾਫਾ ਅਤੇ ਬੇਤ ਹਨੂੰਨ ਬਣ ਜਾਵੇਗੀ।” ਉਨ੍ਹਾਂ ਦਾ ਇਸ਼ਾਰਾ ਗਾਜ਼ਾ ਦੇ ਉਨ੍ਹਾਂ ਦੋ ਸ਼ਹਿਰਾਂ ਵੱਲ ਸੀ, ਜੋ ਪਿਛਲੇ ਇਜ਼ਰਾਈਲੀ ਮੁਹਿੰਮਾਂ ਦੌਰਾਨ ਵੱਡੇ ਪੱਧਰ ‘ਤੇ ਨਸ਼ਟ ਹੋ ਗਏ ਸਨ।
ਉਨ੍ਹਾਂ ਦੀ ਇਹ ਟਿੱਪਣੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਫੌਜ ਨੂੰ ਗਾਜ਼ਾ ਸ਼ਹਿਰ ‘ਤੇ ਕਬਜ਼ਾ ਕਰਨ ਦਾ ਅਧਿਕਾਰ ਦੇਣਗੇ। ਨੇਤਨਯਾਹੂ ਨੇ ਗਾਜ਼ਾ ‘ਚ ਬਚੇ ਹੋਏ ਸਾਰੇ ਬੰਧਕਾਂ ਨੂੰ ਛੁਡਾਉਣ ਲਈ ਤੁਰੰਤ ਗੱਲਬਾਤ ਕਰਨ ਦਾ ਹੁਕਮ ਦਿੱਤਾ ਹੈ।
ਇਸ ਹਫਤੇ ਦੀ ਸ਼ੁਰੂਆਤ ‘ਚ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਗਾਜ਼ਾ ਸ਼ਹਿਰ ‘ਤੇ ਕਬਜ਼ਾ ਕਰਨ ‘ਚ ਮਦਦ ਲਈ ਲਗਪਗ 60,000 ਰਿਜ਼ਰਵ ਫ਼ੌਜੀਆਂ ਨੂੰ ਬੁਲਾਉਣ ਦੀ ਇਜਾਜ਼ਤ ਦਿੱਤੀ ਸੀ। ਨੇਤਨਯਾਹੂ ਨੇ ਇਕ ਵੀਡੀਓ ਬਿਆਨ ‘ਚ ਕਿਹਾ, “ਇਹ ਦੋਵੇਂ ਮਾਮਲੇ – ਹਮਾਸ ਨੂੰ ਹਰਾਉਣਾ ਤੇ ਸਾਡੇ ਸਾਰੇ ਬੰਧਕਾਂ ਨੂੰ ਰਿਹਾਈ ਦੇਣਾ – ਇਕੱਠੇ ਚਲਦੇ ਹਨ।” ਅਧਿਕਾਰਤ ਅੰਕੜਿਆਂ ਅਨੁਸਾਰ, ਅਕਤੂਬਰ 2023 ‘ਚ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ‘ਚ 1219 ਲੋਕ ਮਾਰੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਆਮ ਨਾਗਰਿਕ ਸਨ।