ਨਵੀਂ ਦਿੱਲੀ : ਅਗਲੇ ਮਹੀਨੇ ਭਾਰਤ ਅਤੇ ਸ੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ‘ਚ ਹੋਣ ਵਾਲੇ ਮਹਿਲਾ ਵਨਡੇ ਵਲਰਡ ਕੱਪ ਦੇ ਸ਼ਡਿਊਲ ‘ਚ ਆਈਸੀਸੀ ਨੇ ਬਦਲਾਅ ਕੀਤਾ ਹੈ। ਆਈਸੀਸੀ ਨੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਤੋਂ ਮੇਜ਼ਬਾਨੀ ਖੋਹ ਲਈ ਹੈ ਅਤੇ ਕਿਸੇ ਹੋਰ ਸਟੇਡੀਅਮ ਨੂੰ ਦੇ ਦਿੱਤੀ ਹੈ।
ਕੁੱਲ ਪੰਜ ਸਟੇਡੀਅਮਾਂ ‘ਚ ਇਸ ਵਲਰਡ ਕੱਪ ਦੇ ਮੈਚ ਖੇਡੇ ਜਾਣਗੇ। ਉਨ੍ਹਾਂ ਵਿੱਚੋਂ ਇਕ ਸਟੇਡੀਅਮ ਬੈਂਗਲੁਰੂ ਦਾ ਐਮ ਚਿੰਨਾਸਵਾਮੀ ਸਟੇਡੀਅਮ ਸੀ, ਜਿਸ ਵਿਚ ਹੁਣ ਮੈਚ ਨਹੀਂ ਹੋਣਗੇ। ਆਈਸੀਸੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੈਂਗਲੁਰੂ ‘ਚ ਜੋ ਮੈਚ ਖੇਡੇ ਜਾਣੇ ਸਨ, ਉਹ ਹੁਣ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡੇ ਜਾਣਗੇ।
ਇਸ ਸਟੇਡੀਅਮ ‘ਚ ਕੁੱਲ ਪੰਜ ਮੈਚ ਖੇਡੇ ਜਾਣੇ ਸਨ, ਜਿਨ੍ਹਾਂ ਵਿੱਚੋਂ ਤਿੰਨ ਮੈਚ ਲੀਗ ਸਟੇਜ ਦੇ ਸਨ ਤੇ ਇਕ ਸੈਮੀਫਾਈਨਲ ਮੈਚ ਸੀ। ਜੇ ਭਾਰਤੀ ਟੀਮ ਫਾਈਨਲ ‘ਚ ਪਹੁੰਚਦੀ ਤਾਂ ਇਹ ਖਿਤਾਬੀ ਮੁਕਾਬਲਾ ਵੀ ਇਸ ਸਟੇਡੀਅਮ ‘ਚ ਖੇਡਿਆ ਜਾਂਦਾ। ਇਹ ਸਾਰੇ ਮੈਚ ਹੁਣ ਡੀਵਾਈ ਪਾਟਿਲ ਸਟੇਡੀਅਮ ‘ਚ ਹੋਣਗੇ। ਦਰਅਸਲ, ਚਿੰਨਾਸਵਾਮੀ ਸਟੇਡੀਅਮ ਨੂੰ ਕਰਨਾਟਕ ਸਰਕਾਰ ਨੇ ਮੈਚਾਂ ਲਈ ਅਸੁਰੱਖਿਅਤ ਪਾਇਆ ਹੈ ਤੇ ਇਸੇ ਕਾਰਨ ਆਈਸੀਸੀ ਨੇ ਇਸ ਸਟੇਡੀਅਮ ਤੋਂ ਮੇਜ਼ਬਾਨੀ ਲੈ ਲਈ ਹੈ।
ਆਈਪੀਐਲ-2025 ਦੀ ਜੇਤੂ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ 17 ਸਾਲ ਬਾਅਦ ਇਹ ਖਿਤਾਬ ਆਪਣੇ ਨਾਂ ਕੀਤਾ ਸੀ ਅਤੇ ਇਸ ਜਿੱਤ ਦਾ ਜਸ਼ਨ ਚਿੰਨਾਸਵਾਮੀ ਸਟੇਡੀਅਮ ‘ਚ ਮਨਾਇਆ ਗਿਆ ਸੀ। ਜਦੋਂ ਸਟੇਡੀਅਮ ਦੇ ਅੰਦਰ ਜਸ਼ਨ ਚੱਲ ਰਿਹਾ ਸੀ, ਉਦੋਂ ਸਟੇਡੀਅਮ ਦੇ ਬਾਹਰ ਭਾਜੜ ਮਚ ਗਈ ਸੀ ਜਿਸ ਵਿਚ 11 ਲੋਕਾਂ ਦੀ ਜਾਨ ਗਈ ਸੀ। ਇਸ ਦੀ ਜਾਂਚ ਹੋਈ ਸੀ ਜਿਸ ਦੀ ਰਿਪੋਰਟ ‘ਚ ਸਟੇਡੀਅਮ ਨੂੰ ਮੈਚਾਂ ਲਈ ਅਸੁਰੱਖਿਅਤ ਪਾਇਆ ਗਿਆ ਹੈ ਤੇ ਫਿਰ ਆਈਸੀਸੀ ਨੇ ਆਪਣਾ ਫੈਸਲਾ ਲਿਆ ਹੈ।ਮਹਿਲਾ ਵਨਡੇ ਵਲਰਡ ਕੱਪ 30 ਸਤੰਬਰ ਤੋਂ 2 ਨਵੰਬਰ ਵਿਚਕਾਰ ਕੀਤਾ ਜਾਣਾ ਹੈ। ਭਾਰਤ ‘ਚ ਕੁੱਲ ਚਾਰ ਸ਼ਹਿਰਾਂ ‘ਚ ਇਹ ਮੈਚ ਖੇਡੇ ਜਾਣਗੇ, ਜਿਨ੍ਹਾਂ ਵਿਚ ਗੁਹਾਟੀ ਦਾ ਏਸੀਏ ਸਟੇਡੀਅਮ, ਇੰਦੌਰ ਦਾ ਹੋਲਕਰ ਸਟੇਡੀਅਮ, ਵਿਸ਼ਾਖਾਪਟਨਮ ਦਾ ਏਸੀਏ-ਵੀਡੀਸੀਏ ਸਟੇਡੀਅਮ ਸ਼ਾਮਲ ਹਨ। ਇਸ ਦੇ ਨਾਲ ਹੀ ਸ੍ਰੀਲੰਕਾ ਦੇ ਕੋਲੰਬੋ ਦਾ ਆਰ ਪ੍ਰੇਮਦਾਸਾ ਸਟੇਡੀਅਮ ਵੀ ਇਸ ਵਿਚ ਸ਼ਾਮਲ ਹੈ। ਜੇ ਪਾਕਿਸਤਾਨ ਦੀ ਟੀਮ ਫਾਈਨਲ ਵਿਚ ਪਹੁੰਚਦੀ ਹੈ ਤਾਂ ਫਿਰ ਖਿਤਾਬੀ ਮੁਕਾਬਲਾ ਕੋਲੰਬੋ ਵਿਚ ਹੋਵੇਗਾ। ਪਾਕਿਸਤਾਨ ਆਪਣੇ ਸਾਰੇ ਮੈਚ ਸ੍ਰੀਲੰਕਾ ਵਿਚ ਹੀ ਖੇਡੇਗਾ।