ਨਵੀਂ ਦਿੱਲੀ –ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਰਤ-ਪਾਕਿਸਤਾਨ ਵਿਚਕਾਰ ਸੰਘਰਸ਼ ਦੇ ਮਾਮਲੇ ‘ਤੇ ਇਕ ਮਹੱਤਵਪੂਰਨ ਬਿਆਨ ਦਿੱਤਾ ਹੈ। ਇਕ ਪ੍ਰੋਗਰਾਮ ‘ਚ ਬੋਲਦੇ ਹੋਏ ਜੇਸ਼ੰਕਰ ਨੇ ਕਿਹਾ, “ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਘਰਸ਼ ਦੇ ਮਾਮਲੇ ‘ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰਦੇ। 1970 ਦੇ ਦਹਾਕੇ ਤੋਂ ਅੱਜ ਪੰਜਾਹ ਸਾਲ ਬੀਤ ਚੁੱਕੇ ਹਨ ਤੇ ਇਹ ਇਕ ਰਾਸ਼ਟਰੀ ਸਹਿਮਤੀ ਹੈ।”
ਉਨ੍ਹਾਂ ਕਿਹਾ ਕਿ ਜਦੋਂ ਵਪਾਰ, ਕਿਸਾਨਾਂ ਦੇ ਹਿਤਾਂ, ਸਾਡੀ ਰਣਨੀਤਕ ਸੁਤੰਤਰਤਾ ਅਤੇ ਵਿਚੋਲਗੀ ਦੇ ਵਿਰੋਧ ਦੀ ਗੱਲ ਆਉਂਦੀ ਹੈ ਤਾਂ ਇਹ ਸਰਕਾਰ ਬਹੁਤ ਸਾਫ ਹੈ।
ਐਸ ਜੈਸ਼ੰਕਰ ਨੇ ਕਿਹਾ ਕਿ ਜੇ ਕੋਈ ਸਾਡੇ ਨਾਲ ਅਸਹਿਮਤ ਹੈ ਤਾਂ ਕਿਰਪਾ ਕਰ ਕੇ ਭਾਰਤ ਦੇ ਲੋਕਾਂ ਨੂੰ ਦੱਸੋ ਕਿ ਤੁਸੀਂ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਤਿਆਰ ਨਹੀਂ ਹੋ। ਕਿਰਪਾ ਕਰ ਕੇ ਭਾਰਤ ਦੇ ਲੋਕਾਂ ਨੂੰ ਦੱਸੋ ਕਿ ਤੁਸੀਂ ਰਣਨੀਤਕ ਸੁਤੰਤਰਤਾ ਨੂੰ ਮਹੱਤਵ ਨਹੀਂ ਦੇ ਰਹੇ। ਅਸੀਂ ਦਿੰਦੇ ਹਾਂ। ਇਸਨੂੰ ਬਣਾਈ ਰੱਖਣ ਲਈ ਸਾਨੂੰ ਜੋ ਕੁਝ ਵੀ ਕਰਨਾ ਹੋਵੇਗਾ, ਅਸੀਂ ਕਰਾਂਗੇ।
ਗੱਲ ਕਰੀਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਵਾਰੀ ਇਹ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਮਈ ਮਹੀਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ ਜਿਸ ਤੋਂ ਭਾਰਤ ਨੇ ਹਰ ਮੰਚ ‘ਤੇ ਇਨਕਾਰ ਕੀਤਾ ਹੈ। ਭਾਰਤ ਦਾ ਸਾਫ ਕਹਿਣਾ ਹੈ ਕਿ ਪਾਕਿਸਤਾਨ ਦੇ ਮਾਮਲੇ ‘ਤੇ ਕਿਸੇ ਵੀ ਤੀਜੇ ਦੇਸ਼ ਦੀ ਵਿਚੋਲਗੀ ਸਵੀਕਾਰ ਨਹੀਂ ਹੈ।
ਆਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਦੇ 100 ਕਿਲੋਮੀਟਰ ਅੰਦਰ ਜਾ ਕੇ 9 ਆਤੰਕੀ ਅੱਡਿਆਂ ਨੂੰ ਨਸ਼ਟ ਕੀਤਾ ਸੀ। ਭਾਰਤ ਦੀਆਂ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਕਈ ਏਅਰਬੇਸਾਂ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਸ਼ੇਖੀ ਬਘਾਰਨ ਤੋਂ ਬਾਜ਼ ਨਹੀਂ ਆ ਰਹੇ ਹਨ।