ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਪਿੰਡ ਆਹਲੀ ਵਾਲਾ ‘ਚ ਟੁੱਟਿਆ ਆਰਜੀ ਬੰਨ੍ਹ

ਸੁਲਤਾਨਪੁਰ ਲੋਧੀ- ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਮੰਡ ਖੇਤਰ ਦੇ ਆਹਲੀ ਕਲਾਂ ਪਿੰਡ ਨਜ਼ਦੀਕ ਆਰਜੀ ਬੰਨ ਜੋ ਕਿ ਪਿਛਲੇ 20 ਦਿਨ ਤੋਂ ਦਰਿਆ ਬਿਆਸ ਦੀ ਲਗਾਤਾਰ ਢਾਅ ਲੱਗਣ ਕਾਰਨ ਖਤਰਨਾਕ ਸਥਿਤੀ ਵਿੱਚ ਬਣਿਆ ਹੋਇਆ ਸੀ ਅੱਜ ਭਿਆਨਕ ਢਾਅ ਲੱਗਣ ਨਾਲ ਟੁੱਟ ਗਿਆ।ਇਸ ਆਹਲੀ ਵਾਲੇ ਆਰਜੀ ਬੰਨ ਦੇ ਟੁੱਟਣ ਨਾਲ ਹਲਕੇ ਦੇ ਤਕਰੀਬਨ 5000 ਏਕੜ ਝੋਨੇ ਦੀ ਫਸਲ ਤਬਾਹ ਹੋ ਜਾਵੇਗੀ ਅਤੇ ਇਹ ਪਾਣੀ ਬਿਆਸ ਦਰਿਆ ਦੇ ਧੁੱਸੀ ਬੰਨ ਨਾਲ ਲੱਗਣ ਤੇ ਖਤਰਾ ਪੈਦਾ ਕਰੇਗਾ।

ਇਸ ਬੰਨ ਨੂੰ ਬਚਾਉਣ ਲਈ ਸਮੁੱਚੇ ਇਲਾਕੇ ਦੇ ਕਿਸਾਨ ਪਿਛਲੇ ਤਕਰੀਬਨ 20 ਦਿਨ ਤੋਂ ਲਗਾਤਾਰ ਦਿਨ ਰਾਤ ਜੇਸੀਬੀ ਮਸ਼ੀਨਾਂ , ਬੋਰਿਆਂ ਦੇ ਕਰੇਟ ਅਤੇ ਟਰੈਕਟਰ ਟਰਾਲੀਆਂ ਨਾਲ ਮਿੱਟੀ ਪਾਉਣ ਲੱਗੇ ਹੋਏ ਸਨ ਪਰ ਅੱਜ ਦਰਿਆ ਬਿਆਸ ਦੇ ਤੇਜ਼ ਵਹਾਅ ਅੱਗੇ ਬੇਵਸ ਹੋ ਗਏ ਅਤੇ ਵੇਖਦਿਆਂ ਵੇਖਦਿਆਂ ਹੀ ਆਰਜੀ ਬੰਨ ਵਿੱਚ ਵੱਡਾ ਪਾੜ ਪੈ ਗਿਆ। ਇਸ ਆਰਜੀ ਬੰਨ ਦੇ ਟੁੱਟਣ ਨਾਲ ਸਮੁੱਚੇ ਮੰਡ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੇ ਟਰੈਕਟਰ ਟਰਾਲੀਆਂ ਤੇ ਹੋਰ ਸਮਾਨ ਕੱਢਣ ਲੱਗੇ।