ਬੀਜਿੰਗ – ਭਾਰਤ ਦੀ ਲੇਜ਼ਰ ਮਾਰਕ ਸਮਰੱਥਾ ਦਾ ਚੀਨ ਨੇ ਲੋਹਾ ਮੰਨਿਆ ਹੈ। ਭਾਰਤ ਨੇ ਘੱਟ ਤੇ ਮੱਧਮ ਦੂਰੀ ਤੱਕ ਮਾਰ ਕਰ ਸਕਣ ਦੀ ਏਕੀਕ੍ਰਿਤ ਸਮਰੱਥਾ ਦਾ ਸ਼ਨਿਚਰਵਾਰ ਨੂੰ ਪ੍ਰੀਖਣ ਕੀਤਾ ਸੀ। ਇੰਟੀਗ੍ਰੇਟਿਡ ਏਅਰ ਡਿਫੈਂਸ ਵੈਪਨ ਸਿਸਟਮ (ਆਈਏਡੀਡਬਲਯੂਐੱਸ) ਦੇ ਤਹਿਤ ਹਾਈ ਪਾਵਰ ਲੇਜ਼ਰ ਬੇਸਡ ਡਾਇਰੈਕਟਿਡ ਐਨਰਜੀ ਵੈਪਨ (ਡੀਈਡਬਲਯੂ) ਦੀ ਮਾਰਕ ਸਮਰੱਥਾ ਨੂੰ ਚੀਨ ਦੇ ਫ਼ੌਜੀ ਮਾਹਿਰ ਨੇ ਭਾਰਤ ਦੀ ਜ਼ਿਕਰਯੋਗ ਤਰੱਕੀ ਦੱਸਿਆ ਹੈ।
ਆਈਏਡੀਡਬਲਯੂਐੱਸ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਹੈ, ਜਿਸ ਵਿਚ ਸਵਦੇਸ਼ੀ ਤਕਨੀਕ ਨਾਲ ਵਿਕਸਤ ਸਤ੍ਹਾ ਨਾਲ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਕਿਊਆਰਐੱਸਏਐੱਮ), ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ (ਵੀਐੱਸਐੱਚਓਆਰਏਡੀਐੱਸ) ਮਿਜ਼ਾਈਲਾਂ ਤੇ ਇਕ ਉੱਚ ਸਮਰੱਥਾ ਦੀ ਲੇਜ਼ਰ ਆਧਾਰਿਤ ਡਾਇਰੈਕਟਿਡ ਊਰਜਾ ਹਥਿਆਰ (ਡੀਈਡਬਲਯੂ) ਪ੍ਰਣਾਲੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਅਮਰੀਕਾ, ਰੂਸ, ਚੀਨ, ਯੂਕੇ, ਜਰਮਨੀ ਤੇ ਇਜ਼ਰਾਈਲ ਵਰਗੇ ਕੁਝ ਹੀ ਦੇਸ਼ਾਂ ਕੋਲ ਡੀਈਡਬਲਯੂ ਵਰਗੀ ਸਮਰੱਥਾ ਹੈ। ਬੀਜਿੰਗ ਆਧਾਰਿਤ ਏਅਰੋਸਪੇਸ ਨਾਲੇਜ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਫ਼ੌਜੀ ਮਾਹਿਰ ਵਾਂ ਯਾਨਾਨ ਨੇ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਭਾਰਤ ਦੀ ਆਈਏਡੀਡਬਲਯੂਐੱਸ ਹਵਾਈ ਰੱਖਿਆ ਪ੍ਰਣਾਲੀ ਨੂੰ ਘੱਟ ਤੇ ਮੱਧਮ ਦੂਰੀ ਦੇ ਟੀਚਿਆਂ ਨੂੰ ਵਿੰਨ੍ਹਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਰਾਹੀਂ ਦੁਸ਼ਮਣ ਦੇਸ਼ ਦੇ ਡ੍ਰੋਨ, ਕਰੂਜ਼ ਮਿਜ਼ਾਈਲਾਂ, ਹੈਲੀਕਾਪਟਨ ਤੇ ਹੇਠਲੀ ਉਡਾਣ ਵਾਲੇ ਲੜਾਕੂ ਜਹਾਜ਼ਾਂ ਨੂੰ ਸੀਮਤ ਘੇਰੇ ’ਚ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਇੰਟੀਗ੍ਰੇਟਿਡ ਏਅਰ ਡਿਫੈਂਸ ਸਿਸਟਮ ਦੀ ਸਫਲਤਾ ਦਾ ਰਹੱਸ ਇਕ ਅਜਿਹੀ ਸੂਚਨਾ ਪ੍ਰਣਾਲੀ ਹੈ, ਜੋ ਬੇਹੱਦ ਪ੍ਰਭਾਵਸ਼ਾਲੀ ਹੈ ਤੇ ਟੀਚੇ ਨਾਲ ਸਬੰਧਤ ਡਾਟਾ ਨੂੰ ਸਬੰਧਤ ਹਥਿਆਰਾਂ ਦੇ ਹਿੱਸਿਆਂ ਤੱਕ ਪਹੁੰਚਾ ਸਕਦੀ ਹੈ। ਵਾਂਗ ਨੇ ਕਿਹਾ, ‘ਦੁਨੀਆ ’ਚ ਸਿਰਫ ਕੁਝ ਹੀ ਦੇਸ਼ ਹਨ, ਜਿਨ੍ਹਾਂ ਨੇ ਜੰਗ ਲਈ ਤਿਆਰ ਲੇਜ਼ਰ ਪ੍ਰਣਾਲੀਆਂ ਤਾਇਨਾਤ ਕੀਤੀਆਂ ਹਨ।’ ਉਨ੍ਹਾਂ ਚੀਨ ਦੀ ਐੱਲਡਬਲਯੂ-30 ਵਾਹਨ ਆਧਾਰਿਤ ਲੇਜ਼ਰ ਰੱਖਿਆ ਹਥਿਆਰ ਪ੍ਰਣਾਲੀ ਵੱਲ ਇਸ਼ਾਰਾ ਕੀਤਾ, ਜਿਸ ਨੂੰ ਡ੍ਰੋਨ ਕਿੱਲਰ ਕਿਹਾ ਜਾਂਦਾ ਹੈ। ਇਹ ਰੋਸ਼ਨੀ ਦੀ ਰਫ਼ਤਾਰ ਨਾਲ ਹਮਲਾ ਕਰ ਸਕਦਾ ਹੈ, ਨਾਲ ਹੀ ਸ਼ਾਂਤੀ ਦੇ ਟੀਚੇ ਤੱਕ ਪਹੁੰਚ ਸਕਦਾ ਹੈ, ਇਸ ਨੂੰ ਲਗਾਤਾਰ ਵਰਤਿਆ ਜਾ ਸਕਦਾ ਹੈ ਤੇ ਇਹ ਲਚੀਲਾ ਹੋਣ ਦੇ ਨਾਲ-ਨਾਲ ਸਟੀਕ ਤੇ ਕਿਫਾਇਤੀ ਵੀ ਹੈ।