ਨਵੀਂ ਦਿੱਲੀ : ਵਿਟਾਮਿਨ-ਡੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਦੀ ਘਾਟ ਹੋਣ ‘ਤੇ ਸਰੀਰ ‘ਚ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ, ਜਿਵੇਂ ਕਿ ਹੱਡੀਆਂ ਦਾ ਕਮਜ਼ੋਰ ਹੋਣਾ, ਇਮਿਊਨਿਟੀ ਘਟਣਾ, ਮੂਡ ਸਵਿੰਗਸ, ਡਿਪ੍ਰੈਸ਼ਨ ਆਦਿ। ਹਾਲਾਂਕਿ, ਵਿਟਾਮਿਨ-ਡੀ ਦੀ ਘਾਟ ਦਾ ਇਕ ਲੱਛਣ ਅਜਿਹਾ ਹੈ ਜੋ ਜ਼ਿਆਦਾਤਰ ਰਾਤ ਦੇ ਸਮੇਂ ਹੀ ਦਿਖਾਈ ਦਿੰਦਾ ਹੈ।
ਹਾਂ, ਵਿਟਾਮਿਨ-ਡੀ ਦੀ ਘਾਟ ਦਾ ਇਕ ਸੰਕੇਤ ਸਿਰਫ਼ ਰਾਤ ਨੂੰ ਹੀ ਦਿਖਾਈ ਦਿੰਦਾ ਹੈ ਜਿਸ ਨੂੰ ਅਕਸਰ ਲੋਕ ਅਣਗੌਲਿਆ ਕਰ ਦਿੰਦੇ ਹਨ। ਆਓ ਜਾਣੀਏ ਕਿ ਉਹ ਲੱਛਣ ਕੀ ਹੈ ਅਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।
ਜੇਕਰ ਤੁਸੀਂ ਰਾਤ ਨੂੰ ਸੌਣ ਵੇਲੇ ਪੈਰਾਂ, ਪੱਟਾਂ, ਪਿੱਠ ਜਾਂ ਹੋਰ ਮਾਸਪੇਸ਼ੀਆਂ ‘ਚ ਅਚਾਨਕ ਤੇਜ਼ ਦਰਦ, ਅਕੜਾਅ ਜਾਂ ਸੁੰਨਪਨ ਦਾ ਅਨੁਭਵ ਕਰਦੇ ਹੋ ਤਾਂ ਇਹ ਵਿਟਾਮਿਨ-ਡੀ ਦੀ ਘਾਟ ਦਾ ਇਕ ਮਹੱਤਵਪੂਰਨ ਸੰਕੇਤ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵਿਟਾਮਿਨ-ਡੀ ਦੀ ਘਾਟ ਨਾਲ ਸਰੀਰ ਕੈਲਸ਼ੀਅਮ ਨੂੰ ਸਹੀ ਤਰੀਕੇ ਨਾਲ ਅਬਜ਼ਾਰਬ ਨਹੀਂ ਕਰ ਪਾਉਂਦਾ।
ਤੁਹਾਨੂੰ ਦੱਸ ਦੇਈਏ ਕਿ ਕੈਲਸ਼ੀਅਮ ਨਾ ਸਿਰਫ਼ ਹੱਡੀਆਂ ਲਈ ਬਲਕਿ ਮਾਸਪੇਸ਼ੀਆਂ ਦੇ ਸੁਚਾਰੂ ਕੰਟ੍ਰੈਕਸ਼ਨ ਤੇ ਰਿਲੈਕਸੇਸ਼ਨ ਲਈ ਵੀ ਜ਼ਰੂਰੀ ਹੈ। ਜਦੋਂ ਸਰੀਰ ‘ਚ ਕੈਲਸ਼ੀਅਮ ਘਟਣ ਲੱਗਦਾ ਹੈ ਤਾਂ ਮਾਸਪੇਸ਼ੀਆਂ ਠੀਕ ਤਰੀਕੇ ਨਾਲ ਕੰਟ੍ਰੈਕਟ ਤੇ ਰਿਲੈਕਸ ਨਹੀਂ ਕਰ ਪਾਉਂਦੀਆਂ ਅਤੇ ਉਨ੍ਹਾਂ ਵਿਚ ਕ੍ਰੈਂਪਸ ਆਉਣ ਲੱਗਦੇ ਹਨ, ਖਾਸ ਕਰਕੇ ਜਦੋਂ ਸਰੀਰ ਰਿਲੈਕਸ ਪੁਜ਼ੀਸ਼ਨ ‘ਚ ਹੋਵੇ।
ਇਸ ਲਈ, ਜੇਕਰ ਤੁਸੀਂ ਰਾਤ ਨੂੰ ਬਿਨਾਂ ਕਿਸੇ ਕਾਰਨ ਦੇ ਮਾਸਪੇਸ਼ੀਆਂ ‘ਚ ਦਰਦ ਦਾ ਅਨੁਭਵ ਕਰ ਰਹੇ ਹੋ ਤਾਂ ਇਸ ਨੂੰ ਅਣਦੇਖਾ ਨਾ ਕਰੋ। ਇਹ ਵਿਟਾਮਿਨ-ਡੀ ਦੀ ਘਾਟ ਦਾ ਇਕ ਮਹੱਤਵਪੂਰਨ ਵਾਰਨਿੰਗ ਸਾਈਨ ਹੋ ਸਕਦਾ ਹੈ।
ਵਿਟਾਮਿਨ-ਡੀ ਦੀ ਘਾਟ ਦੂਰ ਕਰਨ ਲਈ ਕੀ ਕਰਨਾ ਚਾਹੀਦਾ ਹੈ?
ਸਹੀ ਸਮੇਂ ‘ਤੇ ਧੁੱਪ ਲਓ।
ਸੂਰਜ ਦੀ ਰੋਸ਼ਨੀ ਵਿਟਾਮਿਨ-ਡੀ ਦਾ ਸਭ ਤੋਂ ਕੁਦਰਤੀ ਤੇ ਪ੍ਰਭਾਵਸ਼ਾਲੀ ਸਰੋਤ ਹੈ। ਪਰ ਇਹ ਜਾਣਨਾ ਜ਼ਰੂਰੀ ਹੈ ਕਿ ਧੁੱਪ ਕਦੋਂ ਅਤੇ ਕਿਵੇਂ ਲੈਣੀ ਹੈ।
ਸਹੀ ਸਮਾਂ – ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਦੀ ਧੁੱਪ ਸਭ ਤੋਂ ਵਧੀਆ ਮੰਨੀ ਜਾਂਦੀ ਹੈ, ਕਿਉਂਕਿ ਇਸ ਸਮੇਂ ਯੂਵੀ-ਬੀ ਕਿਰਨਾਂ ਸਰੀਰ ‘ਚ ਵਿਟਾਮਿਨ-ਡੀ ਸਿੰਥੈਸਿਸ ਲਈ ਸਭ ਤੋਂ ਵਧੀਆ ਹੁੰਦੀਆਂ ਹਨ।
ਸਮਾਂ – ਰੋਜ਼ਾਨਾ ਲਗਪਗ 15-20 ਮਿੰਟ ਦੀ ਧੁੱਪ ਕਾਫੀ ਹੈ। ਧਿਆਨ ਰੱਖੋ, ਸਰੀਰ ਦੇ ਖੁੱਲ੍ਹੇ ਹਿੱਸੇ, ਜਿਵੇਂ ਕਿ ਹੱਥ, ਪੈਰ, ਪਿੱਠ ‘ਤੇ ਸਿੱਧੀ ਧੁੱਪ ਲਓ। ਯਾਦ ਰੱਖੋ ਕਿ ਸ਼ੀਸ਼ੇ ਦੀ ਖਿੜਕੀ ਦੇ ਪਿੱਛੇ ਬੈਠਣ ਨਾਲ ਵਿਟਾਮਿਨ-ਡੀ ਨਹੀਂ ਬਣਦਾ। ਸਨਸਕ੍ਰੀਨ ਲਗਾਉਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਬਿਨਾਂ ਰੁਕਾਵਟ ਧੁੱਪ ਲੈਣਾ ਫਾਇਦੇਮੰਦ ਹੁੰਦਾ ਹੈ।
ਵਿਟਾਮਿਨ-ਡੀ ਨਾਲ ਭਰਪੂਰ ਖੁਰਾਕ
ਜੇਕਰ ਧੁੱਪ ਤੋਂ ਲੋੜੀਂਦਾ ਵਿਟਾਮਿਨ-ਡੀ ਨਹੀਂ ਮਿਲ ਰਿਹਾ ਤਾਂ ਆਪਣੀ ਡਾਇਟ ਵਿਚ ਇਸ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ।
– ਫੈਟੀ ਫਿਸ਼ – ਸਾਲਮਨ, ਟੂਨਾ, ਮੈਕਰਲ ਤੇ ਸਾਰਡਿਨ ਵਰਗੀਆਂ ਮੱਛੀਆਂ ਵਿਟਾਮਿਨ-ਡੀ ਦਾ ਬਿਹਤਰੀਨ ਸਰੋਤ ਹਨ।
– ਆਂਡੇ ਦੀ ਜਰਦੀ – ਅੰਡੇ ਦੀ ਜਰਦੀ ‘ਚ ਵੀ ਚੰਗੀ ਮਾਤਰਾ ਵਿਚ ਵਿਟਾਮਿਨ-ਡੀ ਹੁੰਦਾ ਹੈ।
– ਫੋਰਟੀਫਾਈਡ ਫੂਡ ਆਇਟਮਸ – ਅੱਜਕੱਲ੍ਹ ਦੁੱਧ, ਦਹੀਂ, ਸੰਤਰੇ ਦਾ ਜੂਸ, ਓਟਮੀਲ ਤੇ ਸੀਰੀਅਲ ਵਰਗੇ ਫੂਡਜ਼ ‘ਚ ਵਿਟਾਮਿਨ-ਡੀ ਮਿਲਾਇਆ ਜਾਂਦਾ ਹੈ। ਖਰੀਦਦਾਰੀ ਕਰਦਿਆਂ ਪੈਕੇਟ ‘ਤੇ ਇਸ ਦੀ ਜਾਣਕਾਰੀ ਜ਼ਰੂਰ ਚੈੱਕ ਕਰੋ।
ਸਪਲੀਮੈਂਟ ਲਓ
ਵਿਟਾਮਿਨ-ਡੀ ਦੀ ਗੰਭੀਰ ਘਾਟ ਨੂੰ ਸਿਰਫ਼ ਧੁੱਪ ਤੇ ਡਾਈਟ ਨਾਲ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਸੰਦਰਭ ‘ਚ ਡਾਕਟਰ ਸਪਲੀਮੈਂਟ ਲੈਣ ਦੀ ਸਲਾਹ ਦਿੰਦੇ ਹਨ।
ਮੈਡੀਕਲ ਸਲਾਹ ਜ਼ਰੂਰੀ – ਵਿਟਾਮਿਨ-ਡੀ ਦੀ ਘਾਟ ਦੀ ਪੁਸ਼ਟੀ ਲਈ ਡਾਕਟਰ ਇਕ ਆਮ ਬਲੱਡ ਟੈਸਟ ਕਰਨ ਦੀ ਸਲਾਹ ਦੇਣਗੇ। ਰਿਪੋਰਟ ਦੇ ਆਧਾਰ ‘ਤੇ ਹੀ ਉਹ ਤੁਹਾਡੀ ਜ਼ਰੂਰਤ ਮੁਤਾਬਕ ਸਪਲੀਮੈਂਟ ਤੇ ਉਸ ਦੀ ਖੁਰਾਕ ਨਿਰਧਾਰਤ ਕਰਨਗੇ।
ਖ਼ੁਦ ਦਵਾਈ ਨਾ ਲਓ – ਬਿਨਾਂ ਡਾਕਟਰ ਦੀ ਸਲਾਹ ਦੇ ਸਪਲੀਮੈਂਟ ਲੈਣਾ ਖਤਰਨਾਕ ਹੋ ਸਕਦਾ ਹੈ, ਕਿਉਂਕਿ ਇਸ ਦੀ ਵੱਧ ਮਾਤਰਾ ਸਰੀਰ ਵਿਚ ਟੌਕਸਿਸਿਟੀ ਦਾ ਕਾਰਨ ਬਣ ਸਕਦੀ ਹੈ।