ਹਰਿਆਣਾ ’ਚ ਔਰਤਾਂ ਨੂੰ ਮਹੀਨਾਵਾਰ ਮਿਲਣਗੇ 2100 ਰੁਪਏ

ਚੰਡੀਗੜ੍ਹ : ਹਰਿਆਣਾ ਦੀ ਭਾਜਪਾ ਸਰਕਾਰ ਨੇ ਆਪਣਾ ਇਕ ਵੱਡਾ ਚੋਣ ਵਾਅਦਾ ਪੂਰਾ ਕਰਦੇ ਹੋਏ ਔਰਤਾਂ ਨੂੰ ਸਮਾਜਿਕ ਤੇ ਆਰਥਿਕ ਮਜ਼ਬੂਤੀ ਪ੍ਰਦਾਨ ਕੀਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ‘ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ’ ਨੂੰ ਲਾਗੂ ਕਰਨ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਯੋਜਨਾ ਤਹਿਤ ਔਰਤਾਂ ਨੂੰ 2100 ਰੁਪਏ ਮਹੀਨਾਵਾਰ ਦਿੱਤੇ ਜਾਣਗੇ। ਪਹਿਲੇ ਦੌਰ ਵਿਚ ਸੂਬੇ ਦੀਆਂ 23 ਤੋਂ 60 ਸਾਲ ਦੀਆਂ ਲਗਪਗ 20 ਲੱਖ ਉਨ੍ਹਾਂ ਔਰਤਾਂ ਨੂੰ 2100 ਰੁਪਏ ਦਿੱਤੇ ਜਾਣਗੇ, ਜਿਨ੍ਹਾਂ ਦੀ ਮਹੀਨਾਵਾਰ ਆਮਦਨ ਇਕ ਲੱਖ ਰੁਪਏ ਤੱਕ ਹੈ। ਦੂਜੇ ਤੇ ਤੀਜੇ ਦੌਰ ਵਿਚ ਸੂਬੇ ਦੀਆਂ ਸਾਰੀਆਂ ਔਰਤਾਂ ‘ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ’ ਦੇ ਦਾਇਰੇ ਵਿਚ ਆ ਜਾਣਗੀਆਂ। ਪ੍ਰਦੇਸ਼ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਸਾਲਾਨਾ ਬਜਟ ਵਿਚ ਲਗਪਗ ਪੰਜ ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਕੀਤੀ ਹੈ।

ਭਾਜਪਾ ਸਰਕਾਰ ਨੇ ਯੋਜਨਾ ਦਾ ਲਾਭ ਦੇਣ ਲਈ 23 ਸਤੰਬਰ ਨਿਰਧਾਰਤ ਕੀਤੀ ਹੈ। ਇਸ ਦਿਨ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਹੈ। ਇਸੇ ਦਿਨ ਸਾਬਕਾ ਉਪ ਪ੍ਰਧਾਨ ਮੰਤਰੀ ਸਵ. ਦੇਵੀਲਾਲ ਦਾ ਵੀ ਜਨਮਦਿਨ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿਚ ਚਰਚਾ ਹੋਏ ਇਕੋ-ਇਕ ਏਜੰਡੇ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਅਗਲੇ ਇਕ ਹਫ਼ਤੇ ਦੇ ਅੰਦਰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਛੇਤੀ ਹੀ ਇਕ ਐਪ ਵੀ ਲਾਂਚ ਹੋਵੇਗਾ, ਜਿਸ ’ਤੇ ਔਰਤਾਂ ਘਰ ਬੈਠੇ ਯੋਜਨਾ ਦੇ ਲਾਭ ਲਈ ਬਿਨੈ ਕਰ ਸਕਦੀਆਂ ਹਨ। ਸੰਭਾਵਨਾ ਹੈ ਕਿ 25 ਸਤੰਬਰ ਤੱਕ ਜਿੰਨੀਆਂ ਔਰਤਾਂ ਬਿਨੈ ਕਰਨਗੀਆਂ, ਉਨ੍ਹਾਂ ਦੀ ਪਾਤਰਤਾ ਦੇ ਹਿਸਾਬ ਨਾਲ 2100 ਰੁਪਏ ਦੀ ਰਾਸ਼ੀ ਪ੍ਰਦਾਨ ਕਰ ਦਿੱਤੀ ਜਾਵੇਗੀ।

ਇਸ ਯੋਜਨਾ ਦੇ ਤਹਿਤ 23 ਤੋਂ 60 ਸਾਲ ਦੀਆਂ ਵਿਆਹੀਆਂ ਤੇ ਕੁਆਰੀਆਂ ਸਾਰੀਆਂ ਔਰਤਾਂ ਲਾਭਪਾਤਰੀ ਹੋਣਗੀਆਂ। ਪਹਿਲੇ ਦੌਰ ਵਿਚ ਉਹ ਪਰਿਵਾਰ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ ਇਕ ਲੱਖ ਰੁਪਏ ਤੱਕ ਹੈ। ਫਿਰ ਲੜੀਬੱਧ ਤਰੀਕੇ ਨਾਲ ਇਸ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਨੂੰ ਯੋਜਨਾ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਸਰਕਾਰ ਨੇ ਯੋਜਨਾ ਨੂੰ ਲਾਗੂ ਕਰਨ ਲਈ ਪੂਰੀ ਕਾਰਜਯੋਜਨਾ ਤਿਆਰ ਕਰ ਲਈ ਹੈ। ਯੋਜਨਾ ਦੇ ਲਾਭ ਲਈ ਇਕ ਪਰਿਵਾਰ ਵਿਚ ਔਰਤਾਂ ਦੀ ਗਿਣਤੀ ’ਤੇ ਕੋਈ ਪਾਬੰਦੀ ਨਹੀਂ ਰਹੇਗੀ। ਜੇਕਰ ਕਿਸੇ ਪਰਿਵਾਰ ਵਿਚ ਤਿੰਨ ਔਰਤਾਂ ਹਨ ਤਾਂ ਤਿੰਨਾਂ ਨੂੰ ਹੀ 2100-2100 ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਲਾਭ ਲੈਣ ਲਈ ਜ਼ਰੂਰੀ ਹੈ ਕਿ ਕੁਆਰੀ ਲੜਕੀ ਖ਼ੁਦ ਜਾਂ ਵਿਆਹੀ ਮਹਿਲਾ ਦਾ ਪਤੀ ਘੱਟ ਤੋਂ ਘੱਟ 15 ਸਾਲ ਤੋਂ ਹਰਿਆਣਾ ਦਾ ਮੂਲ ਨਿਵਾਸੀ ਹੋਣਾ ਜ਼ਰੂਰੀ ਹੈ।