ਨਵੀਂ ਦਿੱਲੀ –ਹੈਦਰਾਬਾਦ ਦੀ ਇਸਰੋ ਵਿਗਿਆਨੀ ਹਰਿਪ੍ਰਿਆ ਸਾਕੇਤਪੁਰਮ ਹਾਲ ਹੀ ‘ਚ ‘ਕੌਣ ਬਣੇਗਾ ਕਰੋੜਪਤੀ 17’ ‘ਚ ਸ਼ਾਮਲ ਹੋਈ ਜਿਸ ਨਾਲ ਭਾਰਤ ਦੇ ਪੁਲਾੜ ਭਾਲ ਲਈ ਇਕ ਮਾਣ ਵਾਲਾ ਪਲ ਬਣਿਆ। ਇਸ ਸ਼ੋਅ ‘ਚ ਉਨ੍ਹਾਂ ਚੰਦਰਯਾਨ ਤੇ ਮੰਗਲਯਾਨ ਨਾਲ ਆਪਣੇ 15 ਸਾਲਾਂ ਦੇ ਸਫਰ ਬਾਰੇ ਗੱਲ ਕੀਤੀ ਜਿਸ ਵਿਚ ਉਨ੍ਹਾਂ ਆਪਣੇ ਚੁਣੌਤੀਪੂਰਨ ਕਰੀਅਰ ਅਤੇ ਪਰਿਵਾਰਕ ਜੀਵਨ ਦੇ ਸੰਤੁਲਨ ਬਾਰੇ ਵੀ ਚਰਚਾ ਕੀਤੀ।
ਹਰਿਪ੍ਰਿਆ ਦੀ ਗੇਮ ‘ਚ ਮੌਜੂਦਗੀ ਇਕ ਮਾਣ ਵਾਲਾ ਪਲ ਸੀ, ਕਿਉਂਕਿ ਅਮਿਤਾਭ ਬੱਚਨ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ, ‘ਅਸੀਂ ਕਿਸਮਤ ਵਾਲੇ ਹਾਂ ਕਿ ਪਹਿਲੀ ਵਾਰ ਇਸਰੋ ਦੀ ਇਕ ਮਹਿਲਾ ਵਿਗਿਆਨੀ ਸਾਡੇ ਵਿਚਕਾਰ ਆਈ ਹੈ।’ ਹਰਿਪ੍ਰਿਆ ਨੇ ਗੇਮ ਸ਼ਾਨਦਾਰ ਢੰਗ ਨਾਲ ਖੇਡੀ ਤੇ 25 ਲੱਖ ਰੁਪਏ ਦੇ ਸਵਾਲ ਤਕ ਪਹੁੰਚ ਗਈ ਪਰ ਉਨ੍ਹਾਂ 12.5 ਲੱਖ ਰੁਪਏ ਜਿੱਤ ਕੇ ਮੁਕਾਬਲਾ ਛੱਡਣ ਦਾ ਫੈਸਲਾ ਕੀਤਾ।
ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਅਤੇ ਵਰਕ-ਲਾਈਫ ਬੈਲੇਂਸ ‘ਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਉਹ ਕੰਮ ਦੇ ਮਾਮਲੇ ਵਿਚ ਹਰ ਰੋਜ਼ 120 ਕਿਲੋਮੀਟਰ ਦਾ ਸਫਰ ਕਰਦੀਆਂ ਹਨ ਤੇ ਕਿਹਾ, “ਮੈਂ ਕੰਮ ਦੇ ਦੌਰਾਨ ਭਾਵੇਂ ਇਕ ਵਿਗਿਆਨੀ ਹਾਂ, ਪਰ ਘਰ ‘ਚ ਮੈਂ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਆਪਣੇ ਪਤੀ ਅਤੇ ਤਿੰਨ ਬੱਚਿਆਂ ਦੇ ਸਹਿਯੋਗ ਨਾਲ ਮੈਂ ਦੋਹਾਂ ਥਾਵਾਂ ਦਾ ਕੰਮ ਸੰਭਾਲਣ ‘ਚ ਸਫਲ ਰਹੀ ਹਾਂ।
25 ਲੱਖ ਰੁਪਏ ਦੇ ਸਵਾਲ ਤਕ ਪਹੁੰਚਣ ਤਕ ਉਨ੍ਹਾਂ ਦੀ ਗੇਮ ਬਹੁਤ ਚੰਗੀ ਸੀ ਤੇ ਉਹ ਆਤਮਵਿਸ਼ਵਾਸ ਨਾਲ ਭਰੀ ਹੋਈ ਸੀ। ਪਰ ਇੱਥੇ ਤੱਕ ਉਨ੍ਹਾਂ ਕੋਲ ਕੋਈ ਲਾਈਫਲਾਈਨ ਨਹੀਂ ਰਹੀ। ਕੋਈ ਲਾਈਫਲਾਈਨ ਨਾ ਹੋਣ ਕਾਰਨ ਉਨ੍ਹਾਂ ਨੂੰ ਇਕ ਮੁਸ਼ਕਲ ਸਵਾਲ ਦਾ ਸਾਹਮਣਾ ਕਰਨਾ ਪਿਆ। ਉਹ ਸਵਾਲ ਸੀ:
“ਪਰਮਹੰਸ ਯੋਗਾਨੰਦ ਦੀ ਆਤਮਕਥਾ ਅਨੁਸਾਰ, ਉਨ੍ਹਾਂ ਮਹਾਤਮਾ ਗਾਂਧੀ ਨੂੰ ਕਿਹੜਾ ਫਲ ਸਜੈਸਟ ਕੀਤਾ ਸੀ ਤੇ ਕੈਲੀਫੋਰਨੀਆ ਤੋਂ ਵਰਧਾ ‘ਚ ਉਸ ਦੇ ਕੁਝ ਪੌਦੇ ਭੇਜੇ ਸਨ? ਇਸ ਦੇ ਬਦਲ ਹਨ:
A. ਖਰਬੂਜਾ, B. ਹਕਲਬੇਰੀ, C. ਐਵੋਕਾਡੋ, ਤੇ D. ਆੜੂ
ਹਰਿਪ੍ਰਿਆ ਨੇ ਬਦਲ C, ਐਵੋਕਾਡੋ, ਨੂੰ ਚੁਣਿਆ, ਪਰ ਉਹ ਪੂਰੀ ਤਰ੍ਹਾਂ ਯਕੀਨੀ ਨਹੀਂ ਸਨ। ਜੋਖ਼ਮ ਨਾ ਲੈਂਦੇ ਹੋਏ, ਉਨ੍ਹਾਂ ਸਮਝਦਾਰੀ ਨਾਲ ਗੇਮ ਛੱਡ ਦਿੱਤੀ ਅਤੇ 12.5 ਲੱਖ ਰੁਪਏ ਜਿੱਤ ਲਏ। ਹਾਲਾਂਕਿ ਉਨ੍ਹਾਂ ਦਾ ਇਹ ਜਵਾਬ ਸਹੀ ਸੀ, ਕਿਉਂਕਿ ਜਵਾਬ ਐਵੋਕਾਡੋ ਹੀ ਸੀ। ਇਸ ਦਾ ਮਤਲਬ ਹੈ ਕਿ ਉਹ 25 ਲੱਖ ਜਿੱਤ ਸਕਦੇ ਸਨ।