ਲੁਧਿਆਣਾ – ਲੁਧਿਆਣਾ ‘ਚ ਸਵੇਰ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆ ਮਹਾਨਗਰ ‘ਚ ਚਾਰੋਂ ਪਾਸੇ ਪਾਣੀ ਭਰ ਗਿਆ ਹੈ, ਉੱਥੇ ਹੀ ਸਤਲੁਜ ਤੇ ਬੁੱਢਾ ਦਰਿਆ ਦਾ ਪਾਣੀ ਵੀ ਆਪਣੇ ਪੂਰੇ ਉਫਾਨ ਤੇ ਹੈ। ਸਤਲੁਜ ਅਤੇ ਬੁੱਢਾ ਦਰਿਆ ‘ਚ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ‘ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਦੱਸ ਦਈਏ ਕਿ ਸਤਲੁਜ ਦਰਿਆ ਕੰਢੇ ਹਲਕਾ ਸਾਹਨੇਵਾਲ ‘ਚ ਪੈਂਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਇੰਨਾ ਵਧਣ ਨਾਲ ਹਾਲਾਤ ਨਾਜੁਕ ਬਣੇ ਹੋਏ ਹਨ। ਸਤਲੁਜ ਦਾ ਪਾਣੀ ਖੇਤਾਂ ‘ਚ ਲੱਗੇ ਝੋਨੇ ‘ਚ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਬੰਨ ਦੇ 100 ਮੀਟਰ ਕਰੀਬ ਆ ਚੁੱਕਿਆ ਹੈ, ਇਲਾਕਾ ਨਿਵਾਸੀਆਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜੇਕਰ ਪਾਣੀ ਦਾ ਪੱਧਰ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਜਲਦ ਹੀ ਸਤਲੁਜ ਦਾ ਪਾਣੀ 100 ਮੀਟਰ ਦੀ ਦੂਰੀ ਪੂਰੀ ਕਰਦੇ ਬੰਨ ਨੂੰ ਤੋੜ ਸਕਦਾ ਹੈ। ਮੌਕੇ ਦੇ ਹਾਲਾਤਾਂ ਤੋਂ ਡਰੇ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਕਰੇਨ ਅਤੇ ਟਰੈਕਟਰਾਂ ਦੀ ਮਦਦ ਨਾਲ ਬੰਨ ਨੂੰ ਮਜਬੂਤ ਕਰਨ ਲਈ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਹਾਲਾਂਕਿ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਮੁਹੱਈਆ ਨਾ ਕਰਵਾਉਂਦੀ ਗੱਲ ਆਖੀ ਗਈ।
ਇਸੇ ਤਰ੍ਹਾਂ ਲੁਧਿਆਣਾ ਦੇ ਸ਼ਹਿਰੀ ਇਲਾਕੇ ਚ ਗੁਜ਼ਰਦੇ ਬੁੱਢਾ ਦਰਿਆ ਦੇ ਪਾਣੀ ਦਾ ਪੱਧਰ ਵੀ ਆਪਣੇ ਪੂਰੇ ਉਫਾਨ ਤੇ ਹੈ। ਹਾਲਾਂਕਿ ਸੰਤ ਸੀਚੇਵਾਲ ਦੀ ਟੀਮ ਦੇ ਮੁਖ ਸੇਵਾਦਾਰ ਹਰਦੇਵ ਸਿੰਘ ਦੋਧਰ ਵੱਲੋਂ ਸਥਿਤੀਆਂ ਨੂੰ ਸੰਭਾਲਣ ਸੰਬਧੀ ਬੁੱਢਾ ਦਰਿਆ ਦੇ ਕਮਜ਼ੋਰ ਕੰਢੇ ਮਜਬੂਤ ਕਰਨ ਅਤੇ ਬੁੱਢਾ ਦਰਿਆ ਦੇ ਬਹਾਵ ‘ਚ ਅੜੀਕਾ ਬਣ ਰਹੀ ਬੂਟੀ ਨੂੰ ਕਰੇਨਾਂ ਦੀ ਮਦਦ ਨਾਲ ਬਾਹਰ ਕੱਢਣ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ।