ਸਤੰਬਰ ’ਚ ਵੀ ਪਵੇਗਾ ਜ਼ਬਰਦਸਤ ਮੀਂਹ, ਫਟਣਗੇ ਬੱਦਲ ਤੇ ਖਿਸਕੇਗੀ ਜ਼ਮੀਨ

ਨਵੀਂ ਦਿੱਲੀ – ਜ਼ਬਰਦਸਤ ਮੀਂਹ ਕਾਰਨ ਦੇਸ਼ ਦੇ ਕਈ ਹਿੱਸੇ ਕੁਦਰਤੀ ਆਫਤਾਂ ਨਾਲ ਜੂਝ ਰਹੇ ਹਨ। ਮੌਸਮ ਵਿਭਾਗ ਮੁਤਾਬਕ, ਸਤੰਬਰ ਵਿਚ ਵੀ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਇਸ ਮਹੀਨੇ ਵੀ ਉੱਤਰਾਖੰਡ ’ਚ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਸਕਦਾ ਹੈ। ਇਸ ਦੇ ਨਾਲ ਹੀ ਦੱਖਣੀ ਹਰਿਆਣਾ, ਦਿੱਲੀ ਤੇ ਉੱਤਰੀ ਰਾਜਸਥਾਨ ਵਿਚ ਆਮ ਜੀਵਨ ਪ੍ਰਭਾਵਿਤ ਹੋ ਸਕਦਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਸਤੰਬਰ 2025 ਵਿਚ ਮਹੀਨਾਵਾਰ ਔਸਤ ਮੀਂਹ ਲੰਬੇ ਸਮੇਂ ਦੀ ਔਸਤ 167.9 ਮਿਲੀਮੀਟਰ ਦੇ 109 ਫ਼ੀਸਦੀ ਤੋਂ ਜ਼ਿਆਦਾ ਪੈਣ ਦੀ ਸੰਭਾਵਨਾ ਹੈ। ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮਹਾਪਾਤਰ ਨੇ ਚਿਤਾਵਨੀ ਦਿੱਤੀ ਕਿ ਕਈ ਨਦੀਆਂ ਉੱਤਰਾਖੰਡ ਤੋਂ ਨਿਕਲਦੀਆਂ ਹਨ। ਇਸ ਲਈ ਜ਼ਬਰਦਸਤ ਮੀਂਹ ਦਾ ਮਤਲਬ ਹੈ ਕਿ ਕਈ ਨਦੀਆਂ ਆਫਰੀਆ ਹੋਣਗੀਆਂ ਤੇ ਇਸ ਦਾ ਅਸਰ ਨੀਵੇਂ ਇਲਾਕਿਆਂ ਦੇ ਸ਼ਹਿਰਾਂ ਤੇ ਕਸਬਿਆਂ ’ਤੇ ਪਵੇਗਾ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿਚ ਮਹਾਨਦੀ ਦੇ ਉੱਪਰਲੇ ਕੈਚਮੈਂਟ ਖੇਤਰ ਵਿਚ ਵੀ ਜ਼ਬਰਦਸਤ ਮੀਂਹ ਪੈਣ ਦੀ ਸੰਭਾਵਨਾ ਹੈ। ਮਹਾਪਾਤਰ ਨੇ ਕਿਹਾ ਕਿ 1980 ਤੋਂ ਬਾਅਦ ਸਤੰਬਰ ਵਿਚ ਮੀਂਹ ’ਚ ਥੋੜ੍ਹਾ ਵਾਧਾ ਦੇਖਿਆ ਗਿਆ ਹੈ ਸਿਵਾਏ 1986, 1991, 2001, 2004, 2010, 2015 ਤੇ 2019 ਦੇ। ਉਨ੍ਹਾਂ ਕਿਹਾ ਕਿ ਰਾਜਸਥਾਨ ਤੋਂ ਮੌਨਸੂਨ ਦੀ ਵਾਪਸੀ ਦੀ ਆਮ ਤਰੀਕ ਪਹਿਲੀ ਸਤੰਬਰ ਤੋਂ ਬਦਲ ਕੇ 17 ਸਤੰਬਰ ਹੋ ਗਈ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਸਤੰਬਰ ਵਿਚ ਮੀਂਹ ਵੱਧ ਗਿਆ ਹੈ।

ਅੰਕੜਿਆਂ ਮੁਤਾਬਕ, ਦੇਸ਼ ਵਿਚ ਪਹਿਲੀ ਜੂਨ ਤੋਂ 31 ਅਗਸਤ ਦਰਮਿਆਨ 743.1 ਮਿਲੀਮੀਟਰ ਮੀਂਹ ਪਿਆ ਜਿਹੜਾ 700.7 ਮਿਲੀਮੀਟਰ ਦੀ ਲੰਬੇ ਸਮੇਂ ਦੀ ਔਸਤ ਤੋਂ ਲਗਪਗ ਛੇ ਫ਼ੀਸਦੀ ਵੱਧ ਹੈ। ਉੱਤਰੀ-ਪੱਛਮੀ ਭਾਰਤ ਵਿਚ ਅਗਸਤ ਵਿਚ 265 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜੋ 2001 ਤੋਂ ਬਾਅਦ ਇਸ ਮਹੀਨੇ ਦਾ ਸਭ ਤੋਂ ਵੱਧ ਅਤੇ 1901 ਤੋਂ ਬਾਅਦ 13ਵਾਂ ਸਭ ਤੋਂ ਵੱਧ ਮੀਂਹ ਹੈ। ਦੱਖਣੀ ਪ੍ਰਾਇਦੀਪੀ ਭਾਰਤ ’ਚ ਅਗਸਤ ਵਿਚ 250.6 ਮਿਲੀਮੀਟਰ ਮੀਂਹ ਦਰਜ ਕੀਤੀ ਗਿਆ ਜਿਹੜਾ ਆਮ ਨਾਲੋਂ ਲਗਪਗ 31 ਫ਼ੀਸਦੀ ਵੱਧ ਹੈ। ਇਹ 2001 ਤੋਂ ਬਾਅਦ ਇਸ ਮਹੀਨੇ ’ਚ ਤੀਜਾ ਸਭ ਤੋਂ ਵੱਧ ਅਤੇ 1901 ਤੋਂ ਬਾਅਦ ਅੱਠਵਾਂ ਸਭ ਤੋਂ ਵੱਧ ਮੀਂਹ ਹੈ।