ਪੰਜਾਬ ਦੇ AAP ਵਿਧਾਇਕ ਪਾਠਣਮਾਜਰਾ ਪੁਲਿਸ ਹਿਰਾਸਤ ਤੋਂ ਫਰਾਰ

ਪਟਿਆਲਾ – ਆਮ ਆਦਮੀ ਪਾਰਟੀ ਦੇ ਵਿਧਾਇਕ (AAP MLA) ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਤੋਂ ਭੱਜ ਗਏ ਹਨ। ਮੰਗਲਵਾਰ ਸਵੇਰੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰੀ ਮਗਰੋਂ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਜਾ ਰਹੀ ਸੀ, ਜਦੋਂ ਪਠਾਣਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਿਸਕਰਮੀਆਂ ‘ਤੇ ਫਾਇਰਿੰਗ ਕਰ ਦਿੱਤੀ ਅਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇਕ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋ ਗਿਆ।

ਪਠਾਣਮਾਜਰਾ ਤੇ ਉਨ੍ਹਾਂ ਦੇ ਸਾਥੀ ਇਕ ਸਕਾਰਪਿਓ ਅਤੇ ਇਕ ਫਾਰਚੂਨਰ ‘ਚ ਭੱਜ ਗਏ, ਜਿਨ੍ਹਾਂ ਵਿੱਚੋਂ ਪੁਲਿਸ ਨੇ ਫਾਰਚੂਨਰ ਨੂੰ ਫੜ ਲਿਆ ਹੈ, ਜਦਕਿ ਪੁਲਿਸ ਟੀਮ ਸਕਾਰਪਿਓ ‘ਚ ਭੱਜੇ ਵਿਧਾਇਕ ਦਾ ਪਿੱਛਾ ਕਰ ਰਹੀ ਹੈ।

ਪਠਾਣਮਾਜਰਾ ਨੇ ਇਕ ਦਿਨ ਪਹਿਲਾਂ ‘ਆਪ’ ਸਰਕਾਰ ‘ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਮੇਰੀ ਸਾਬਕਾ ਪਤਨੀ ਨਾਲ ਜੁੜੇ ਇਕ ਪੁਰਾਣੇ ਮਾਮਲੇ ‘ਚ ਦੁਰਵਿਵਹਾਰ ਦਾ ਕੇਸ ਦਰਜ ਕੀਤਾ ਹੈ। ਦਿੱਲੀ ਦੀ ‘ਆਪ’ ਟੀਮ ਪੰਜਾਬ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ।

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲਿਸ ਨੇ ਹਰਿਆਣਾ ਦੇ ਕਰਨਾਲ ਦੇ ਪਿੰਡ ਡਬਰੀ ਤੋਂ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਅਨੁਸਾਰ, ਇਹ ਗ੍ਰਿਫਤਾਰੀ ਧਾਰਾ 376 ਦੇ ਇਕ ਪੁਰਾਣੇ ਮਾਮਲੇ ਵਿਚ ਕੀਤੀ ਗਈ ਹੈ।

ਖਾਸ ਗੱਲ ਇਹ ਹੈ ਕਿ ਵਿਧਾਇਕ ਪਠਾਣਮਾਜਰਾ ਦੀ ਸੁਰੱਖਿਆ ਕੱਲ੍ਹ ਹੀ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਈ ਗਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਠਾਣਮਾਜਰਾ ਪਿਛਲੇ ਤਿੰਨ-ਚਾਰ ਦਿਨਾਂ ਤੋਂ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ ਤੇ ਉਨ੍ਹਾਂ ਸਿੰਚਾਈ ਵਿਭਾਗ ਦੇ ਮੁੱਖ ਅਫਸਰ ਕ੍ਰਿਸ਼ਨ ਕੁਮਾਰ ਨੂੰ ਹਾਲੀਆ ਹੜ੍ਹ ਦਾ ਸਿੱਧਾ ਜ਼ਿੰਮੇਵਾਰ ਠਹਿਰਾਇਆ ਸੀ। ਵਿਧਾਇਕ ਦੀ ਗ੍ਰਿਫਤਾਰੀ ਦੇ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।