ਹੜ੍ਹ ਨਾਲ ਹੋਰ ਵਿਗੜ ਸਕਦੇ ਹਨ ਹਾਲਾਤ, ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਿਸ਼ ਦਾ ਰੈੱਡ ਅਲਰਟ

ਨਵੀਂ ਦਿੱਲੀ: ਉੱਤਰੀ ਭਾਰਤ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ਊਫ਼ਾਨ ‘ਤੇ ਹਨ। ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਪੰਜਾਬ ਦੀ ਸਥਿਤੀ ਬਹੁਤ ਗੰਭੀਰ ਹੈ, ਜਿੱਥੇ ਹਿਮਾਚਲ ਤੋਂ ਆ ਰਿਹਾ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਦੇ ਸਾਰੇ 23 ਜ਼ਿਲੇ ਹੜ੍ਹ ਪ੍ਰਭਾਵਿਤ ਐਲਾਨ ਕਰ ਦਿੱਤੇ ਗਏ ਹਨ। ਪਹਾੜੀ ਰਾਜਾਂ ਵਿਚ ਜ਼ਮੀਨ ਖਿਸਕਣ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਵਿਚ ਰਾਸ਼ਟਰੀ ਰਾਜਮਾਰਗ ਸਮੇਤ ਸੈਂਕੜੇ ਛੋਟੇ-ਵੱਡੇ ਰਸਤੇ ਬੰਦ ਪਏ ਹਨ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਹਿਮਾਚਲ, ਉੱਤਰਾਖੰਡ, ਜੰਮੂ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਯਮੁਨਾ, ਸਤਲੁਜ, ਰਾਵੀ ਅਤੇ ਬਿਆਸ ਨਦੀ ਵਿਚ ਪਾਣੀ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਪੰਜਾਬ ਅਤੇ ਹਰਿਆਣਾ ਤੋਂ ਬਾਅਦ ਹੁਣ ਦਿੱਲੀ ਵਿਚ ਵੀ ਹੜ੍ਹ ਦਾ ਖ਼ਤਰਾ ਵਧ ਗਿਆ ਹੈ।

ਹਰਿਆਣਾ ਦੇ 16 ਜ਼ਿਲ੍ਹਿਆਂ ਵਿਚ ਮੰਗਲਵਾਰ ਨੂੰ ਵੀ ਲਗਾਤਾਰ ਬਾਰਿਸ਼ ਹੋਈ। ਨਾਰਨੌਂਦ ਖੇਤਰ ਵਿਚ ਇਕ ਮਕਾਨ ਢਹਿ ਜਾਣ ਕਾਰਨ 30 ਸਾਲਾ ਔਰਤ ਦੀ ਮੌਤ ਹੋ ਗਈ। ਫਤਿਆਬਾਦ ਵਿਚ ਘੱਗਰ ਨਦੀ ਊਫ਼ਾਨ ‘ਤੇ ਹੈ। ਇਸ ਕਾਰਨ ਜ਼ਿਲ੍ਹੇ ਦੇ 30 ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਇਸ ਦੌਰਾਨ ਗੁਰੂਗ੍ਰਾਮ ਵਿਚ ਸੋਮਵਾਰ ਸਵੇਰੇ 8 ਵਜੇ ਤੋਂ ਮੰਗਲਵਾਰ ਸਵੇਰੇ 8 ਵਜੇ ਤੱਕ 160 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸ ਕਾਰਨ ਸੜਕਾਂ ‘ਤੇ ਪਾਣੀ ਭਰਨ ਕਾਰਨ ਪਰੇਸ਼ਾਨੀ ਵਧ ਗਈ। ਫ਼ਰੀਦਾਬਾਦ ਵਿਚ ਯਮੁਨਾ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਨਦੀ ਦੇ ਨੇੜੇ ਸਥਿਤ ਖੇਤ ਪਾਣੀ ਵਿਚ ਡੁੱਬ ਗਏ ਹਨ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਰਾਜ ਦੇ 12 ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਦਾ ਰੈੱਡ ਅਲਰਟ ਅਤੇ 10 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ।

ਹਰਿਆਣਾ ਦੇ ਯਮੁਨਾ ਨਗਰ ਦੇ ਹਥਿਨੀ ਕੁੰਡ ਬੈਰਾਜ ਤੋਂ ਭਾਰੀ ਮਾਤਰਾ ਵਿਚ ਪਾਣੀ ਛੱਡਣ ਕਾਰਨ ਯਮੁਨਾ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸੋਮਵਾਰ ਰਾਤ ਲਗਪਗ ਇਕ ਵਜੇ ਦਿੱਲੀ ਵਿਚ ਇਹ ਖਤਰੇ ਦੇ ਨਿਸ਼ਾਨ 205.33 ਮੀਟਰ ਤੋਂ ਉੱਪਰ ਪਹੁੰਚ ਗਿਆ ਸੀ। ਮੰਗਲਵਾਰ ਸ਼ਾਮ ਚਾਰ ਵਜੇ ਇਹ 206 ਮੀਟਰ ਨੂੰ ਵੀ ਪਾਰ ਕਰ ਗਿਆ। ਇਸ ‘ਤੇ ਪੁਰਾਣਾ ਲੋਹਾ ਪੁਲ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਯਮੁਨਾ ਬਾਜ਼ਾਰ, ਮੋਨੇਸਟਰੀ ਬਾਜ਼ਾਰ ਸਮੇਤ ਹੋਰ ਹੇਠਲੇ ਖੇਤਰਾਂ ਵਿਚ ਘਰਾਂ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਲਗਪਗ 15 ਹਜ਼ਾਰ ਲੋਕਾਂ ਨੂੰ ਰਾਹਤ ਕੈਂਪਾ ਵਿਚ ਰੱਖਿਆ ਗਿਆ ਹੈ। ਮੰਗਲਵਾਰ ਨੂੰ ਵੀ ਹਥਿਨੀ ਕੁੰਡ ਬੈਰਾਜ ਤੋਂ ਸਵੇਰੇ ਸਾਢੇ ਤਿੰਨ ਲੱਖ ਕਿਊਸਕ ਪਾਣੀ ਛੱਡਿਆ ਗਿਆ ਹੈ।

ਹਿਮਾਚਲ ਦੇ ਕੁੱਲੂ ਅਤੇ ਕਸੌਲੀ ਵਿਚ ਮਲਬੇ ਵਿਚ ਦੱਬਣ ਕਾਰਨ ਤਿੰਨ ਔਰਤਾਂ ਦੀ ਜਾਨ ਗਈ, ਜਦਕਿ ਦੋ ਲੋਕ ਜ਼ਖ਼ਮੀ ਹੋਏ ਹਨ। ਕੁੱਲੂ ਦੇ ਢਾਲਪੁਰ ਵਿਚ ਜ਼ਮੀਨ ਖਿਸਕਣ ਕਾਰਨ ਇਕ ਔਰਤ ਦੀ ਮੌਤ ਹੋਈ, ਜਦਕਿ ਆਨੀ ਉਪਮੰਡਲ ਦੇ ਲੋਅਰ ਪਟਾਰਨਾ ਪਿੰਡ ਵਿਚ ਜ਼ਮੀਨ ਖਿਸਕਣ ਦੀ ਲਪੇਟ ਵਿਚ ਆਈ ਔਰਤ ਦੀ ਲਾਸ਼ ਚਾਰ ਦਿਨ ਬਾਅਦ ਬਰਾਮਦ ਕੀਤੀ ਗਈ। ਸੋਲਨ ਵਿਚ ਇਕ ਮਕਾਨ ਦੇ ਢਹਿ ਜਾਣ ਕਾਰਨ ਇਕ ਔਰਤ ਦੀ ਮੌਤ ਹੋਈ। ਸੁੰਦਰਨਗਰ ਵਿਚ ਪਹਾੜੀ ਖਿਸਕਣ ਕਾਰਨ ਦੋ ਘਰ ਮਲਬੇ ਵਿਚ ਦੱਬ ਗਏ, ਜਿਸ ਨਾਲ ਮਾਂ-ਧੀ ਦੀ ਜਾਨ ਗਈ। ਭਾਰੀ ਬਾਰਿਸ਼ ਕਾਰਨ ਕੁੱਲੂ, ਕਾਂਗੜਾ ਅਤੇ ਸਿਰਮੌਰ ਵਿਚ ਬੁੱਧਵਾਰ ਨੂੰ ਸਾਰੇ ਸਿੱਖਿਆ ਸੰਸਥਾਨ ਬੰਦ ਰਹਿਣਗੇ। ਚੰਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ ਬੰਦ ਹੋ ਰਿਹਾ ਹੈ, ਜਿਸ ਨਾਲ ਸੈਂਕੜੇ ਮਣੀਮਹੇਸ਼ ਯਾਤਰੀ ਭਰਮੌਰ ਵਿਚ ਫਸੇ ਹੋਏ ਹਨ। ਕੀਰਤਪੁਰ-ਮਨਾਲੀ ਫੋਰਲੇਨ ‘ਤੇ 75 ਸਥਾਨਾਂ ‘ਤੇ ਨੁਕਸਾਨ ਕਾਰਨ ਆਵਾਜਾਈ ਠਪ ਹੈ।

ਜੰਮੂ ਡਵੀਜ਼ਨ ਵਿਚ ਵੀ ਮੋਹਲੇਧਾਰ ਬਾਰਿਸ਼ ਨੇ ਜਨਜੀਵਨ ਨੂੰ ਅਸਥਿਰ ਕਰ ਦਿੱਤਾ। ਕਠੂਆ ਦੇ ਬਸੋਹਲੀ ਵਿਚ ਮਕਾਨ ਢਹਿ ਜਾਣ ਕਾਰਨ ਇਕ ਸੱਤ ਸਾਲਾ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਉਧਮਪੁਰ ਵਿਚ ਜੰਮੂ-ਸ਼੍ਰੀਨਗਰ ਹਾਈਵੇ ਦਾ 200 ਮੀਟਰ ਹਿੱਸਾ ਤੇਜ਼ ਬਾਰਿਸ਼ ਵਿਚ ਰੁੜ੍ਹ ਗਿਆ। ਥਰਡ ਅਤੇ ਬਲੀਨਾਲਾ ਦੇ ਨੇੜੇ ਜ਼ਮੀਨ ਖਿਸਕਣ ਕਾਰਨ 30 ਮਕਾਨ ਮਲਬੇ ਵਿਚ ਦੱਬੇ ਗਏ ਹਨ। ਇਨ੍ਹਾਂ ਵਿਚ ਰਹਿਣ ਵਾਲੇ ਲੋਕ ਸੁਰੱਖਿਅਤ ਹਨ। ਤਵੀ ਅਤੇ ਚਿਨਾਬ ਸਮੇਤ ਸਾਰੇ ਨਦੀ-ਨਾਲੇ ਊਫ਼ਾਨ ‘ਤੇ ਹਨ। ਬੁੱਧਵਾਰ ਨੂੰ ਜੰਮੂ ਡਵੀਜ਼ਨ ਵਿਚ ਸਾਰੇ ਸਕੂਲ ਬੰਦ ਰਹਿਣਗੇ। 10ਵੀਂ ਅਤੇ 11ਵੀਂ ਦੀ ਤਿੰਨ ਸਤੰਬਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਇਸ ਦੌਰਾਨ, ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਗਾਤਾਰ ਅੱਠਵੇਂ ਦਿਨ ਵੀ ਬੰਦ ਰਹੀ। ਰਿਆਸੀ ਵਿਚ ਚਿਨਾਬ ਨਦੀ ਦਾ ਪੱਧਰ ਵਧ ਗਿਆ।

ਉਤਰਾਖੰਡ ਵਿਚ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ 250 ਤੋਂ ਵੱਧ ਸੜਕਾਂ ’ਤੇ ਆਵਾਜਾਈ ਰੁਕ ਗਈ। ਉੱਤਰਕਾਸ਼ੀ ਦੇ ਸਿਆਨਾਚੱਟੀ ਵਿਚ ਯਮੁਨਾ ਨਦੀ ‘ਤੇ ਬਣੀ ਝੀਲ ਕਾਰਨ ਯਮੁਨੋਤਰੀ ਹਾਈਵੇ ਦਾ ਪੁਲ ਜਲਮਗਨ ਹੈ। ਇਸ ਨਾਲ ਪੁਲ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਜਿਸ ਤਰ੍ਹਾਂ ਸਤੰਬਰ ਦੀ ਸ਼ੁਰੂਆਤ ਜ਼ੋਰਦਾਰ ਬਾਰਿਸ਼ ਨਾਲ ਹੋਈ ਹੈ, ਉਹ ਸਿਲਸਿਲਾ ਪੂਰੇ ਮਹੀਨੇ ਚੱਲਦਾ ਰਹੇਗਾ। ਇਸ ਮਹੀਨੇ ਆਮ ਤੋਂ ਵੱਧ ਵਰਸ਼ਾ ਹੋਵੇਗੀ। ਬੁੱਧਵਾਰ ਨੂੰ ਪ੍ਰਯਾਗਰਾਜ, ਮੁਜ਼ੱਫ਼ਰਪੁਰ ਅਤੇ ਅਲੀਗੜ੍ਹ ਸਮੇਤ 50 ਤੋਂ ਵੱਧ ਜ਼ਿਲਿ੍ਹਆਂ ਵਿਚ ਭਾਰੀ ਬਰਸਾਤ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਬਿਹਾਰ ਵਿਚ ਵੀ ਨਦੀਆਂ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਰਾਜਸਥਾਨ ਦੇ ਦੌਸਾ ਵਿਚ ਧੁੱਸੀ ਬੰਨ੍ਹ ਟੁੱਟਣ ਕਾਰਨ ਕਈ ਪਿੰਡਾਂ ’ਚ ਪਾਣੀ ਭਰ ਗਿਆ ਹੈ। ਰਾਜਸਥਾਨ ਵਿਚ ਵਰਸ਼ਾ ਦਾ ਸਿਲਸਿਲਾ ਜਾਰੀ ਹੈ, ਜਿਸ ਨਾਲ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।