Virat Kohli ਨੇ ਬੈਂਗਲੁਰੂ ਭਗਦੜ ‘ਤੇ 3 ਮਹੀਨਿਆਂ ਮਗਰੋਂ ਤੋੜੀ ਚੁੱਪੀ

ਨਵੀਂ ਦਿੱਲੀ –ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੀ ਆਈਪੀਐਲ 2025 ਦੀ ਪਹਿਲੀ ਟਰਾਫੀ ਜਿੱਤਣ ਤੋਂ ਬਾਅਦ ਹੋਈ ਖੁਸ਼ੀ ਕੁਝ ਘੰਟਿਆਂ ਵਿੱਚ ਹੀ ਸੋਗ ਵਿੱਚ ਬਦਲ ਗਈ। 4 ਜੂਨ ਨੂੰ ਬੈਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਜਸ਼ਨ ਦੌਰਾਨ ਮਚੀ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

ਇਸ ਦੁਖਦਾਈ ਘਟਨਾ ਤੋਂ ਬਾਅਦ ਲਗਪਗ ਤਿੰਨ ਮਹੀਨੇ ਚੁੱਪ ਰਹਿਣ ਤੋਂ ਬਾਅਦ ਆਰਸੀਬੀ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ।

ਦਰਅਸਲ ਆਰਸੀਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਰਾਟ ਕੋਹਲੀ ਦਾ ਬਿਆਨ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ, “ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਿਨ੍ਹਾਂ ਲਈ ਤੁਸੀਂ ਬਿਲਕੁਲ ਵੀ ਤਿਆਰ ਨਹੀਂ ਹੁੰਦੇ। 4 ਜੂਨ ਇੱਕ ਅਜਿਹਾ ਦਿਨ ਸੀ। ਸਾਡੀ ਫਰੈਂਚਾਇਜ਼ੀ ਲਈ ਸਭ ਤੋਂ ਖੁਸ਼ਹਾਲ ਦਿਨ ਇੱਕ ਦੁਖਦਾਈ ਘਟਨਾ ਵਿੱਚ ਬਦਲ ਗਿਆ। ਮੈਂ ਉਨ੍ਹਾਂ ਸਾਰੇ ਪਰਿਵਾਰਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਅਤੇ ਜ਼ਖਮੀ ਹੋਏ ਪ੍ਰਸ਼ੰਸਕਾਂ ਲਈ। ਤੁਹਾਡਾ ਦਰਦ ਹੁਣ ਸਾਡੀ ਕਹਾਣੀ ਦਾ ਹਿੱਸਾ ਹੈ। ਅਸੀਂ ਸਾਰੇ ਇਕੱਠੇ ਅੱਗੇ ਵਧਾਂਗੇ ਅਤੇ ਪਹਿਲਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਹੋਵਾਂਗੇ।”

ਇਸ ਤੋਂ ਪਹਿਲਾਂ ਆਰਸੀਬੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ‘ਆਰਸੀਬੀ ਕੇਅਰਜ਼’ ਪਹਿਲਕਦਮੀ ਦੇ ਤਹਿਤ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹਰੇਕ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਇਸ ਮਾਮਲੇ ਵਿੱਚ ਨਿਆਂਇਕ ਜਾਂਚ ਦਾ ਵੀ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਤੱਕ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਗਿਆ ਹੈ। ਇਸ ਦੇ ਨਾਲ ਹੀ ਮਹਿਲਾ ਵਨਡੇ ਵਿਸ਼ਵ ਕੱਪ 2025 ਦੇ ਮੈਚ ਨਵੀਂ ਮੁੰਬਈ ਦੇ ਡਾ. ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ।