ਇਸ ਵਾਰ ਸਮੇਂ ਤੋਂ ਪਹਿਲਾਂ ਹੋਵੇਗੀ ਠੰਢ ਦੀ ਆਮਦ, ਮੌਨਸੂਨ ਦੀ ਵਿਦਾਇਗੀ ਦੇ ਤੁਰੰਤ ਮਗਰੋਂ ਬਰਫ਼ ’ਚ ਬਦਲੇਗੀ ਨਮੀ

ਨਵੀਂ ਦਿੱਲੀ –ਮੌਨਸੂਨ ਦੇ ਆਖ਼ਰੀ ਦੌਰ ’ਚ ਉੱਤਰ ਭਾਰਤ ’ਚ ਹੋ ਰਹੀ ਭਾਰੀ ਬਰਸਾਤ ਅਤੇ ਹੜ੍ਹ ਦਾ ਪ੍ਰਭਾਵ ਹੁਣ ਅਗਲੇ ਮੌਸਮ ‘ਤੇ ਵੀ ਦਿਖਾਈ ਦੇਣ ਦੀ ਤਿਆਰੀ ਕਰ ਰਿਹਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਤੰਬਰ ’ਚ ਆਮ ਤੌਰ ‘ਤੇ ਹੋਣ ਵਾਲੀ ਵੱਧ ਬਰਸਾਤ ਨਾਲ ਤਾਪਮਾਨ ਤੇਜ਼ੀ ਨਾਲ ਘਟਣ ਲੱਗਦਾ ਹੈ। ਜੇਕਰ ਮੌਨਸੂਨ ਦੀ ਵਿਦਾਇਗੀ ਦੇ ਤੁਰੰਤ ਬਾਅਦ ਪੱਛਮੀ ਗੜਬੜੀ ਸਰਗਰਮ ਹੋ ਗਈ ਤਾਂ ਉਸਦੀ ਨਮੀ ਜਲਦੀ ਬਰਫ਼ ’ਚ ਬਦਲ ਸਕਦੀ ਹੈ। ਇਸੇ ਕਰਕੇ ਇਸ ਵਾਰ ਠੰਢ ਆਪਣੇ ਰੈਗੂਲਰ ਸਮੇਂ ਤੋਂ ਪਹਿਲਾਂ ਹੀ ਆ ਸਕਦੀ ਹੈ।

ਅਗਸਤ ਅਤੇ ਸਤੰਬਰ ’ਚ ਪੰਜਾਬ, ਹਰਿਆਣਾ ਅਤੇ ਹਿਮਾਚਲ ’ਚ ਔਸਤ ਤੋਂ ਸੱਤ ਤੋਂ ਅੱਠ ਗੁਣਾ ਵੱਧ ਮੀਂਹ ਦਰਜ ਕੀਤਾ ਗਿਆ ਹੈ। ਇਹ ਸਥਿਤੀ ਮੌਸਮ ਦੇ ਬੇਤਰਤੀਬੇ ਪੈਟਰਨ ਵੱਲ ਇਸ਼ਾਰਾ ਕਰ ਰਹੀ ਹੈ। ਨਮੀ ਨਾਲ ਭਰੀ ਜ਼ਮੀਨ ਅਤੇ ਲਗਾਤਾਰ ਬਰਸਾਤ ਕਾਰਨ ਇਸ ਸਾਲ ਮੈਦਾਨੀ ਇਲਾਕਿਆਂ ’ਚ ਠੰਢ ਅਤੇ ਕੋਹਰਾ ਵੀ ਸਮੇਂ ਤੋਂ ਪਹਿਲਾਂ ਪੈ ਸਕਦਾ ਹੈ। ਇਸ ਦਾ ਪ੍ਰਭਾਵ ਖੇਤਾਂ ਦੀਆਂ ਫਸਲਾਂ ਤੋਂ ਲੈ ਕੇ ਯਾਤਰਾ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ।

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ, ਆਮ ਤੌਰ ‘ਤੇ ਮੌਨਸੂਨ ਦੀ ਵਾਪਸੀ ਮੱਧ ਸਤੰਬਰ ਤੋਂ ਸ਼ੁਰੂ ਹੋ ਕੇ ਮਹੀਨੇ ਦੇ ਅੰਤ ਤੱਕ ਪੂਰੀ ਹੋ ਜਾਂਦੀ ਹੈ ਪਰ ਇਸ ਵਾਰ ਹਾਲਾਤ ਦੱਸਦੇ ਹਨ ਕਿ ਉੱਤਰ ਭਾਰਤ ਦੇ ਮੈਦਾਨੀ ਹਿੱਸਿਆਂ ’ਚ ਲਗਪਗ ਇਕ ਹਫ਼ਤਾ ਦੇਰ ਤੱਕ ਬਰਸਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਸ਼ਿਮਲਾ ’ਚ ਸਤੰਬਰ ਦੇ ਸ਼ੁਰੂਆਤੀ ਦੋ ਦਿਨਾਂ ’ਚ ਹੀ ਔਸਤ ਤੋਂ ਦੋ ਸੌ ਪ੍ਰਤੀਸ਼ਤ ਵੱਧ ਬਰਸਾਤ ਦਰਜ ਕੀਤੀ ਜਾ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਮਿੱਟੀ ਅਤੇ ਹਵਾ ’ਚ ਨਮੀ ਆਮ ਤੋਂ ਕਾਫੀ ਵੱਧ ਰਹੇਗੀ। ਜਿਵੇਂ ਹੀ ਤਾਪਮਾਨ ਘਟੇਗਾ, ਇਹ ਨਮੀ ਪਹਾੜਾਂ ’ਚ ਬਰਫਬਾਰੀ ਨੂੰ ਜਨਮ ਦੇ ਸਕਦੀ ਹੈ ਅਤੇ ਉਹ ਵੀ ਆਮ ਤਰੀਕ ਤੋਂ ਪਹਿਲਾਂ।

ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ 15 ਸਤੰਬਰ ਦੇ ਬਾਅਦ ਵੀ ਪੱਛਮੀ ਗੜਬੜੀ ਦੀ ਸਰਗਰਮੀ ਜਾਰੀ ਰਹੇਗੀ, ਜਿਸ ਨਾਲ ਪਹਾੜਾਂ ’ਚ ਬਰਫਬਾਰੀ 10 ਤੋਂ 15 ਦਿਨ ਪਹਿਲਾਂ ਸ਼ੁਰੂ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਦੀਵਾਲੀ ਤੋਂ ਪਹਿਲਾਂ ਹੀ ਠੰਢ ਦਾ ਅਹਿਸਾਸ ਹੋਣ ਲੱਗੇਗਾ। ਜੇਕਰ ਅਕਤੂਬਰ ਦੇ ਪਹਿਲੇ ਹਫ਼ਤੇ ’ਚ ਪੱਛਮੀ ਗੜਬੜੀ ਸਰਗਰਮ ਹੋ ਗਈ ਤਾਂ ਮੈਦਾਨਾਂ ਦਾ ਤਾਪਮਾਨ ਆਮ ਤੋਂ ਤਿੰਨ ਤੋਂ ਪੰਜ ਡਿਗਰੀ ਤੱਕ ਘਟ ਸਕਦਾ ਹੈ। ਮੌਸਮ ‘ਤੇ ਨਜ਼ਰ ਰੱਖਣ ਵਾਲੀ ਨਿੱਜੀ ਏਜੰਸੀ ਸਕਾਈਮੈਟ ਅਨੁਸਾਰ, ਇਸ ਵਾਰ ਅਸਾਧਾਰਨ ਬਰਸਾਤ ਲਈ ਮਹਾਸਾਗਰੀ ਹਾਲਾਤ ਨੂੰ ਵੀ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪ੍ਰਸ਼ਾਂਤ ਮਹਾਸਾਗਰ ਖੇਤਰ ’ਚ ਸਤੰਬਰ ਤੋਂ ਨਵੰਬਰ ਦੇ ’ਚਕਾਰ ਲਾ-ਨੀਨਾ ਦੇ ਸਰਗਰਮ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਭਾਰਤ ‘ਤੇ ਇਸ ਦਾ ਵਿਸ਼ਾਲ ਪ੍ਰਭਾਵ ਪੈ ਸਕਦਾ ਹੈ।

ਆਈਐੱਮਡੀ ਦੇ ਅੰਕੜੇ ਵੀ ਇਹੀ ਸੰਕੇਤ ਦਿੰਦੇ ਹਨ ਕਿ ਪਹਾੜਾਂ ’ਚ ਠੰਢ ਦਾ ਕੈਲੰਡਰ ਬਦਲ ਰਿਹਾ ਹੈ। 2021 ’ਚ ਅਕਤੂਬਰ ਦੇ ਪਹਿਲੇ ਹਫ਼ਤੇ ’ਚ ਹੀ ਉੱਤਰਾਖੰਡ ਅਤੇ ਕਸ਼ਮੀਰ ਦੀਆਂ ਉਚਾਈਆਂ ‘ਤੇ ਬਰਫ਼ ਪੈ ਚੁੱਕੀ ਸੀ। 2022 ’ਚ ਤਾਂ 20 ਸਤੰਬਰ ਨੂੰ ਹੀ ਕੇਦਾਰਨਾਥ ਅਤੇ ਯਮੁਨੋਤਰੀ ਬਰਫ਼ ਦੀ ਚਾਦਰ ਨਾਲ ਢੱਕ ਗਏ ਸਨ। ਅੰਕੜੇ ਦੱਸਦੇ ਹਨ ਕਿ ਜਦੋਂ-ਜਦੋਂ ਸਤੰਬਰ ’ਚ ਆਮ ਤੋਂ ਵੱਧ ਬਰਸਾਤ ਹੋਈ ਹੈ, ਅਕਤੂਬਰ ਦੀ ਸ਼ੁਰੂਆਤ ’ਚ ਹੀ ਠੰਢਕ ਮਹਿਸੂਸ ਹੋਣ ਲੱਗੀ ਹੈ।