ਭਾਰਤ ਨਾਲ ਰਿਸ਼ਤੇ ਬਹੁਤ ਵਧੀਆ ਪਰ ਟੈਰਿਫ ਹਟਾਉਣ ’ਤੇ ਵਿਚਾਰ ਨਹੀਂ

ਨਵੀਂ ਦਿੱਲੀ-ਕੁਝ ਦਿਨਾਂ ਦੇ ਆਰਾਮ ਤੋਂ ਬਾਅਦ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦਫ਼ਤਰ ਪਰਤੇ ਪਰ ਭਾਰਤ ਨੂੰ ਲੈ ਕੇ ਉਨ੍ਹਾਂ ਦੀ ਤਲਖ ਬਿਆਨਬਾਜ਼ੀ ਜਾਰੀ ਰਹੀ। ਇਕ ਵਾਰ ਫਿਰ ਉਨ੍ਹਾਂ ਨੇ ਭਾਰਤ ਦੀਆਂ ਵਪਾਰ ਨੀਤੀਆਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਇਕਤਰਫ਼ਾ ਤੇ ਅਮਰੀਕੀ ਹਿੱਤਾਂ ਖ਼ਿਲਾਫ਼ ਕੰਮ ਕਰਨ ਵਾਲਾ ਦੱਸਿਆ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨਾਲ ਉਨ੍ਹਾਂ ਦੇ ਰਿਸ਼ਤੇ ਕਾਫੀ ਚੰਗੇ ਰਹੇ ਹਨ ਪਰ ਹਾਲ ਹੀ ’ਚ ਭਾਰਤੀ ਬਰਾਮਦ ’ਤੇ 50 ਫ਼ੀਸਦੀ ਦਾ ਜੋ ਟੈਰਿਫ ਲਾਇਆ ਗਿਆ ਹੈ ਉਸ ਨੂੰ ਖਤਮ ਕਰਨ ਜਾਂ ਘੱਟ ਕਰਨ ਨੂੰ ਲੈ ਕੇ ਉਨ੍ਹਾਂ ਨੇ ਕੋਈ ਸੰਕੇਤ ਦਿੱਤੇ ਹਨ। ਟਰੰਪ ਦੀ ਇਹ ਟਿੱਪਣੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਨੇ ਨਵੰਬਰ, 2025 ਤੱਕ ਦੋਵੇਂ ਦੇਸ਼ਾਂ ਵਿਚਾਲੇ ਕਾਰੋਬਾਰੀ ਸਮਝੌਤਾ ਹੋਣ ਦੀ ਗੱਲ ਕਹੀ ਸੀ।

ਵ੍ਹਾਈਟ ਹਾਊਸ ’ਚ ਜਦੋਂ ਪੱਤਰਕਾਰਾਂ ਨੇ ਟਰੰਪ ਨੂੰ ਇਹ ਸਵਾਲ ਕੀਤਾ ਕਿ ਕੀ ਉਹ ਭਾਰਤ ’ਤੇ ਲਾਏ ਗਏ ਕੁਝ ਟੈਰਿਫ ਹਟਾਉਣ ’ਤੇ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ, ‘ਨਹੀਂ…ਸਾਡੇ ਭਾਰਤ ਨਾਲ ਬਹੁਤ ਚੰਗੇ ਰਿਸ਼ਤੇ ਹਨ ਪਰ ਤੁਹਾਨੂੰ ਸਮਝਣਾ ਪਵੇਗਾ ਕਿ ਕਈ ਸਾਲਾਂ ਤੋਂ ਇਹ ਰਿਸ਼ਤਾ ਇਕਪਾਸੜ ਸੀ। ਭਾਰਤ ਸਾਡੇ ’ਤੇ ਮੋਟਾ ਟੈਰਿਫ ਲਾ ਰਿਹਾ ਸੀ, ਜੋ ਦੁਨੀਆ ’ਚ ਸਭ ਤੋਂ ਜ਼ਿਆਦਾ ਸਨ। ਇਸ ਲਈ ਅਸੀਂ ਭਾਰਤ ਨਾਲ ਜ਼ਿਆਦਾ ਵਪਾਰ ਨਹੀਂ ਕਰ ਰਹੇ ਸਾਂ ਪਰ ਉਹ ਸਾਡੇ ਨਾਲ ਵਪਾਰ ਕਰ ਹੇ ਸਨ ਕਿਉਂਕਿ ਅਸੀਂ ਉਨ੍ਹਾਂ ਤੋਂ ਮੂਰਖਤਾਪੂਰਨ ਢੰਗ ਨਾਲ ਟੈਰਿਫ ਨਹੀਂ ਵਸੂਲ ਰਹੇ ਸਾਂ। ਅਸੀਂ ਉਨ੍ਹਾਂ ਤੋਂ ਕੋਈ ਟੈਰਿਫ ਨਹੀਂ ਲੈ ਰਹੇ ਸਾਂ ਤੇ ਉਹ ਆਪਣੇ ਸਾਰੇ ਉਤਪਾਦ, ਜੋ ਵੀ ਬਣਾਉਂਦੇ ਸਨ, ਸਾਡੇ ਦੇਸ਼ ’ਚ ਭੇਜ ਦਿੰਦੇ ਸਨ। ਇਸ ਨਾਲ ਸਾਡੇ ਇਥੇ ਉਤਪਾਦਨ ਨਹੀਂ ਹੁੰਦਾ ਸੀ ਪਰ ਅਸੀਂ ਕੁਝ ਵੀ ਨਹੀਂ ਭੇਜ ਸਕੇ ਕਿਉਂਕਿ ਉਹ ਸਾਡੇ ’ਤੇ ਸੌ ਫ਼ੀਸਦੀ ਟੈਰਿਫ ਲਗਾ ਰਹੇ ਸਨ।’

ਇਸੇ ਲੜੀ ’ਚ ਉਨ੍ਹਾਂ ਨੇ ਹਾਰਲੇ ਡੇਵਿਡਸਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਸ ਕੰਪਨੀ ’ਤੇ ਭਾਰਤ ’ਚ 200 ਫ਼ੀਸਦੀ ਦਾ ਟੈਰਿਫ ਲੱਗਾ ਹੋਇਆ ਸੀ। ਇਸ ਕਾਰਨ ਹਾਰਲੇ ਡੇਵਿਡਸਨ ਨੂੰ ਭਾਰਤ ’ਚ ਪਲਾਂਟ ਲਾਉਣਾ ਪਿਆ ਤੇ ਹੁਣ ਉਨ੍ਹਾਂ ਨੂੰ ਟੈਰਿਫ ਨਹੀਂ ਦੇਣਾ ਪਵੇਗਾ। ਇਸ ਤੋਂ ਬਾਅਦ ਟਰੰਪ ਨੇ ਭਾਰਤ ਤੇ ਅਮਰੀਕਾ ਵਿਚਾਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਦੱਸੀ। ਪਹਿਲਾਂ ਟਰੰਪ ਨੇ ਇੰਟਰਨੈੱਟ ਮੀਡੀਆ ’ਤੇ ਲਿਖਿਆ ਸੀ ਕਿ ਭਾਰਤ ਨੇ ਹਾਲ ਹੀ ’ਚ ਟੈਰਿਫ ਘੱਟ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਹੁਣ ਦੇਰੀ ਹੋ ਚੁੱਕੀ ਹੈ। ਇਸ ਬਾਰੇ ਭਾਰਤ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਪਿਛਲੇ ਦੋ ਹਫ਼ਤਿਆਂ ਦੌਰਾਨ ਟਰੰਪ ਜਾਂ ਉਸ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਭਾਰਤੀ ਟੈਰਿਫ ’ਤੇ ਅਮਰੀਕੀ ਦੋਸ਼ਾਂ ਨੂੰ ਗ਼ੈਰ-ਸੰਗਤ ਤੇ ਬੇਇਨਸਾਫੀ ਕਰਾਰ ਦਿੰਦਿਆਂ ਇਹ ਵੀ ਕਹਿ ਚੁੱਕਾ ਹੈ ਕਿ ਉਹ ਆਪਣੇ ਕੌਮੀ ਹਿੱਤਾਂ ਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕੇਗਾ। 2024-25 ’ਚ ਦੋਵੇਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ 131.8 ਬਿਲੀਅਨ ਡਾਲਰ (86.5 ਬਿਲੀਅਨ ਡਾਲਰ ਬਰਾਮਦ ਤੇ 45.3 ਬਿਲੀਅਨ ਡਾਲਰ ਦਰਾਮਦ) ਸੀ। ਟਰੰਪ ਪ੍ਰਸ਼ਾਸਨ ਨੇ ਭਾਰਤ ’ਤੇ 25 ਫ਼ੀਸਦੀ ਦੁਵੱਲੇ ਟੈਰਿਫ ਤੇ ਰੂਸੀ ਤੇਲ ਦੀ ਖ਼ਰੀਦ ’ਤੇ 25 ਫ਼ੀਸਦੀ ਵਾਧੂ ਟੈਰਿਫ ਲਾਇਆ ਹੈ। ਇਸ ਨਾਲ ਭਾਰਤ ’ਤੇ ਲਾਇਆ ਗਿਆ ਕੁਲ ਟੈਰਿਫ 50 ਫ਼ੀਦੀ ਹੋ ਗਿਆ ਹੈ ਤੇ ਇਹ 27 ਅਗਸਤ ਤੋਂ ਲਾਗੂ ਵੀ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕਿਸਾਨਾਂ, ਪਸ਼ੂ-ਪਾਲਕਾਂ ਤੇ ਲਘੂ ਉਦਯੋਗਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ।