ਅੰਮ੍ਰਿਤਸਰ – ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਤੇ ਪੁਨਰਵਾਸ ਲਈ ਲੁੜੀਂਦੀ ਸਹਾਇਤਾ ਜਾਰੀ ਕਰੇਗੀ। ਇਹ ਭਰੋਸਾ ਕੇਂਦਰੀ ਮੰਤਰੀ ਸ਼ਿਵ ਰਾਜ ਚੌਹਾਨ ਨੇ ਇਥੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਦਿੱਤਾ। ਪਿਛਲੇ 9 ਦਿਨਾਂ ਤੋਂ ਹਲਕਾ ਅਜਨਾਲਾ ’ਚ ਰਾਵੀ ਦਰਿਆ ਦੇ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਹੜ੍ਹ ਪੀੜਤਾਂ ਦੀ ਸੁੱਧ ਲੈਣ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਿੰਡ ਘੋਹਨੇਵਾਲਾ ਵਿਖੇ ਕੇਂਦਰੀ ਖੇਤੀ ਮੰਤਰੀ ਤੇ ਕਿਸਾਨ ਭਲਾਈ ਮੰਤਰੀ ਸ਼ਿਵ ਰਾਜ ਚੌਹਾਨ ਉਚੇਚੇ ਤੌਰ ’ਤੇ ਪੁੱਜੇ। ਇਥੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਦੇ ਮੰਤਰੀਆਂ, ਸਾਬਕਾ ਮੰਤਰੀਆਂ, ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਆਗੂਆਂ ਤੇ ਸਮੁੱਚੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਹੜ੍ਹ ਪੀੜਤਾਂ ਨੂੰ ਫੌਰੀ ਰਾਹਤ ਪਹੁੰਚਾਉਣ, ਕੀਮਤੀ ਜਾਨਾਂ ਬਚਾਉਣ ਤੇ ਪੁਨਰਵਾਸ ਕਾਰਜਾਂ ਲਈ ਕੀਤੀ ਜਾ ਰਹੀ ਲੁੜੀਂਦੀ ਸਹਾਇਤਾ ਦੀਆਂ ਗਰਾਊਂਡ ਜ਼ੀਰੋ ਤੇ ਹਕੀਕਤਾਂ ਸਮੇਤ ਇਸ ਨਾਜ਼ੁਕ ਘੜੀ ’ਚ ਗਵਰਨਰ ਪੰਜਾਬ, ਫੌਜ, ਬੀਐੱਸਐੱਫ, ਐੱਨਡੀਆਰਐੱਫ, ਹੋਰ ਸਰਕਾਰੀ ਏਜੰਸੀਆਂ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਵੱਲੋਂ ਰਾਹਤ ਕਾਰਜਾਂ ਲਈ ਨਿਭਾਈ ਜਾ ਰਹੀ ਸੰਤੁਸ਼ਟੀਜਨਕ ਭੂਮਿਕਾ ਤੋਂ ਜਾਣੂੰ ਕਰਵਾਇਆ। ਇਸ ਮੌਕੇ ਵਿਧਾਇਕ ਤੇ ਸਾਬਕਾ ਮੰਤਰੀ ਧਾਲੀਵਾਲ ਨੇ ਕੇਂਦਰੀ ਮੰਤਰੀ ਕੋਲ ਇਨ੍ਹਾਂ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਤੇ ਪੁਨਰਵਾਸ ਉਪਾਵਾਂ ’ਚ ਕੇਂਦਰ ਸਰਕਾਰ ਦੇ ਫੌਰੀ ਸਮਰਥਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਕੌਮਾਂਤਰੀ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਜੀ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਵਿਧਾਇਕ ਤੇ ਸਾਬਕਾ ਮੰਤਰੀ ਧਾਲੀਵਾਲ ਨੇ ਪੰਜਾਬ ਦੇ ਖੇਤੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਸ਼ਮੂਲੀਅਤ ਨਾਲ ਜਿੱਥੇ ਕੇਂਦਰੀ ਮੰਤਰੀ ਚੌਹਾਨ ਦਾ ਪੰਜਾਬ ਸਰਕਾਰ ਵੱਲੋਂ ਸਵਾਗਤ ਕੀਤਾ, ਉਥੇ ਹਲਕਾ ਅਜਨਾਲਾ ਦੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਤੇ ਰਾਹਤ ਲਈ ਪਹਿਲੇ ਪੜਾਅ ’ਚ 2 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇਣ ਅਤੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਵੱਲ ਬਕਾਇਆ ਰੁਕੇ ਪਏ 60 ਹਜ਼ਾਰ ਕਰੋੜ ਰੁਪਏ ਦੇ ਫੰਡ ਵੀ ਫੌਰੀ ਤੌਰ ’ਤੇ ਜਾਰੀ ਕਰਵਾਉਣ ਲਈ ਮੰਗ ਪੱਤਰ ਸੌਂਪਦਿਆਂ ਸੁਹਿਰਦਤਾ ਪੂਰਨ ਅਪੀਲ ਕੀਤੀ ਕਿ ਇਹ ਰਕਮਾਂ ਜਾਰੀ ਕਰਵਾਉਣ ਲਈ ਪਹਿਲਕਦਮੀ ਕੀਤੀ ਜਾਵੇ। ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਚੌਹਾਨ ਨੇ ਵਿਧਾਇਕ ਧਾਲੀਵਾਲ ਵਲੋਂ ਘੋਹਨੇਵਾਲਾ ਵਿਖੇ ਜਮੀਨੀ ਹਕੀਕਤਾਂ ਤੋਂ ਜਾਣੂੰ ਕਰਵਾਉਣ ਅਤੇ ਏਅਰਪੋਰਟ ਰਾਜਾਸਾਂਸੀ ਵਿਖੇ ਦਿੱਤੇ ਗਏ ਮੰਗ ਪੱਤਰ ਦੇ ਸਮਰਥਣ ’ਚ ਭਰੋਸਾ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਜਲਦੀ ਹੀ ਰਾਹਤ ਅਤੇ ਪੁਨਰਵਾਸ ਲਈ ਲੋੜੀਂਦੀ ਸਹਾਇਤਾ ਪੰਜਾਬ ਸਰਕਾਰ ਨੂੰ ਜਾਰੀ ਕਰਨ ‘ਚ ਉਚਿਤ ਕਦਮ ਚੁੱਕੇਗੀ।
ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਤੇ ਪੁਨਰਵਾਸ ਲਈ ਲੁੜੀਂਦੀ ਸਹਾਇਤਾ ਜਾਰੀ ਕਰੇਗਾ ਕੇਂਦਰ : ਚੌਹਾਨ
