ਸਤਲੁਜ ਦੇ ਕਿਨਾਰਿਆਂ ਨੂੰ ਪੱਕਾ ਕਰਨ ’ਚ ਜੁਟੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਾਸੀ

ਫਿਰੋਜ਼ਪੁਰ – ਸ਼ਹਿਰ ਤੋਂ ਲਗਪਗ ਛੇ ਕਿਲੋਮੀਟਰ ਦੂਰ ਪਿੰਡ ਹਬੀਬਕੇ ’ਚ ਐੱਲਐੱਮਬੀ ਬੰਨ੍ਹ ਦੇ ਕਿਨਾਰੇ ਕਮਜ਼ੋਰ ਹੋਣ ਦੀ ਸੂਚਨਾ ਮਿਲਦੇ ਹੀ ਛੇ ਦਿਨ ਤੋਂ ਇੱਥੇ ਸੇਵਾ ਤੇ ਸਹਿਯੋਗ ਦਾ ਅਜਿਹਾ ਸੰਗਮ ਦੇਖਣ ਨੂੰ ਮਿਲ ਰਿਹਾ ਹੈ, ਜੋ ਮਨੁੱਖਤਾ ਤੇ ਭਾਈਚਾਰੇ ਦੀ ਸਭ ਤੋਂ ਵੱਡੀ ਮਿਸਾਲ ਬਣ ਗਿਆ ਹੈ। ਬੰਨ੍ਹ ਨੂੰ ਮਜ਼ਬੂਤ ਕਰਨ ਲਈ ਨਾ ਸਿਰਫ ਸਥਾਨਕ ਲੋਕ ਬਲਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਲੋਕ ਪਹੁੰਚ ਕੇ ਕੰਮ ਕਰ ਰਹੇ ਹਨ। ਪਿਛਲੇ ਛੇ ਦਿਨਾਂ ਤੋਂ ਇੱਥੇ ਰੋਜ਼ਾਨਾ ਲਗਪਗ ਦੋ ਹਜ਼ਾਰ ਲੋਕ ਸੈਨਾ ਤੇ ਪ੍ਰਸ਼ਾਸਨਿਕ ਟੀਮਾਂ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ’ਚ ਜੁਟੇ ਹੋਏ ਹਨ। ਮਿੱਟੀ ਦੇ ਗੱਟੇ ਬਣਾਉਣ, ਰੱਸੀਆਂ ਤੇ ਤਾਰਾਂ ਦਾ ਨੈੱਟਵਰਕ ਤਿਆਰ ਕਰਨ ’ਚ ਵਲੰਟੀਅਰ ਦਿਨ-ਰਾਤ ਲੱਗੇ ਹੋਏ ਹਨ। ਬੰਨ੍ਹ ਨੂੰ ਬਚਾਉਣ ਦੀ ਇਹ ਲੜਾਈ ਦੱਸਦੀ ਹੈ ਕਿ ਸੰਕਟ ਦੀ ਘੜੀ ’ਚ ਜਦੋਂ ਹਰ ਹੱਥ ਮਦਦ ਲਈ ਅੱਗੇ ਆਉਂਦਾ ਹੈ ਤਾਂ ਕੋਈ ਵੀ ਮੁਸ਼ਕਲ ਵੱਡੀ ਨਹੀਂ ਰਹਿੰਦੀ।

ਛੇ ਦਿਨ ਪਹਿਲਾਂ ਪਿੰਡ ਹਬੀਬਕੇ ਨੇੜੇ ਐੱਲਐੱਮਬੀ ਬੰਨ੍ਹ ਦਾ ਇਕ ਹਿੱਸਾ ਕਮਜ਼ੋਰ ਹੋ ਗਿਆ ਸੀ। ਇਸ ਦੇ ਕੁਝ ਵੀਡੀਓ ਇੰਟਰਨੈਟ ਮੀਡੀਆ ‘ਤੇ ਵੀ ਪ੍ਰਸਾਰਿਤ ਹੋਏ। ਖ਼ਤਰੇ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਸੈਨਾ ਦੀ ਇੰਜੀਨੀਅਰਿੰਗ ਵਿੰਗ ਤੇ ਡਰੇਨੇਜ਼ ਵਿਭਾਗ ਦੀ ਤਕਨੀਕੀ ਟੀਮ ਨਾਲ ਤੁਰੰਤ ਮੌਕੇ ’ਤੇ ਪਹੁੰਚਿਆ। ਇਸ ਦੇ ਨਾਲ ਹੀ ਬੰਨ੍ਹ ਦੇ ਕਿਨਾਰਿਆਂ ਦੀ ਮਜ਼ਬੂਤੀ ਦਾ ਕੰਮ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਇੱਥੇ ਵਲੰਟੀਅਰਾਂ ਦਾ ਹਜ਼ੂਮ ਉਮੜ ਪਿਆ।

ਐੱਲਐੱਮਬੀ ਬੰਨ੍ਹ ‘ਤੇ ਫਿਰੋਜ਼ਪੁਰ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਸੰਗਰੂਰ, ਮਲੋਟ, ਬਠਿੰਡਾ, ਹਰਿਆਣਾ ਦੇ ਕੁਰੂਕਸ਼ੇਤਰ ਅਤੇ ਪਿਹੋਵਾ ਤੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਵੱਡੀ ਗਿਣਤੀ ’ਚ ਲੋਕ ਇੱਥੇ ਪਹੁੰਚੇ ਹਨ। ਸਾਰਿਆਂ ਦਾ ਇਕ ਹੀ ਮਕਸਦ ਹੈ ‘ਬੰਨ੍ਹ ਨੂੰ ਟੁੱਟਣ ਤੋਂ ਬਚਾਉਣਾ’ ਤਾਂ ਜੋ ਫਿਰੋਜ਼ਪੁਰ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡ ਹੜ੍ਹ ਦੀ ਲਪੇਟ ’ਚ ਨਾ ਆਉਣ।

ਇਸ ਸੇਵਾ ਮੁਹਿੰਮ ਦੀ ਸਭ ਤੋਂ ਭਾਵੁਕ ਤਸਵੀਰ ਉਦੋਂ ਸਾਹਮਣੇ ਆਈ, ਜਦੋਂ ਮਾਲੇਰਕੋਟਲਾ ਤੋਂ ਮੁਸਲਿਮ ਭਾਈਚਾਰਾ ਬੰਨ੍ਹ ‘ਤੇ ਸੇਵਾ ਕਰ ਰਹੇ ਵਲੰਟੀਅਰਾਂ ਲਈ ਆਪਣੇ ਪੱਧਰ ‘ਤੇ ਬਿਰਯਾਨੀ ਤੇ ਹੋਰ ਖਾਣ-ਪੀਣ ਦਾ ਸਾਮਾਨ ਲੈ ਕੇ ਪਹੁੰਚਿਆ। ਮੁਹੰਮਦ ਅੱਬਾਸ ਨਾਲ ਬਿਰਯਾਨੀ ਤੇ ਪਸ਼ੂਚਾਰਾ ਲੈ ਕੇ ਪਹੁੰਚੇ ਲੋਕ ਦੱਸਦੇ ਹਨ ਕਿ ਇਸ ਲਈ ਮਾਲੇਰਕੋਟਲਾ ਦੇ ਜਮਾਲਪੁਰਾ ਖੇਤਰ ’ਚ ਕਾਊਂਟਰ ਲਾ ਕੇ ਰਾਸ਼ਨ ਇਕੱਠਾ ਕੀਤਾ ਗਿਆ ਸੀ।

ਮੌਕੇ ‘ਤੇ ਮੌਜੂਦ ਠੇਕੇਦਾਰ ਰਤਨ ਸਿੰਘ ਸੈਨੀ ਨੇ ਦੱਸਿਆ, “ਸਾਡੀ ਤਕਨੀਕੀ ਟੀਮ ਇੱਥੇ ਲਗਾਤਾਰ ਕੰਮ ਕਰ ਰਹੀ ਹੈ, ਪਰ ਅਸਲੀ ਤਾਕਤ ਤਾਂ ਇਨ੍ਹਾਂ ਸੇਵਾਦਾਰਾਂ ਦੀ ਹੈ। ਕੋਈ ਘਰ ਤੋਂ 5-10 ਰੇਤ ਦੇ ਗੱਟੇ ਲੈ ਕੇ ਆ ਰਿਹਾ ਹੈ, ਕੋਈ ਭੋਜਨ ਤੇ ਪਾਣੀ ਲੈ ਕੇ ਸੇਵਾ ’ਚ ਲੱਗ ਰਿਹਾ ਹੈ। ਇਹ ਬਿਨਾਂ ਕਿਸੇ ਸਵਾਰਥ ਦੀ ਸੇਵਾ ਹੈ ਤੇ ਇਸੇ ਕਾਰਨ ਬੰਨ੍ਹ ਨੂੰ ਮਜ਼ਬੂਤ ਕਰਨਾ ਸੰਭਵ ਹੋ ਰਿਹਾ ਹੈ।”

ਹਬੀਬਕੇ ’ਚ ਅਜਿਹਾ ਨਜ਼ਾਰਾ ਹੈ ਜਿੱਥੇ ਬੱਚੇ, ਔਰਤਾਂ, ਨੌਜਵਾਨ ਤੇ ਬਜ਼ੁਰਗ, ਹਰ ਕੋਈ ਆਪਣੇ ਪੱਧਰ ‘ਤੇ ਸਹਿਯੋਗ ਦੇ ਰਹੇ ਹਨ। ਕੋਈ ਟ੍ਰੈਕਟਰ-ਟਰਾਲੀ ਵਿਚ ਮਿੱਟੀ ਲੈ ਕੇ ਪਹੁੰਚ ਰਿਹਾ ਹੈ, ਤਾਂ ਕੋਈ ਆਪਣੇ ਘਰ ਦਾ ਸਾਮਾਨ ਸੇਵਾ ’ਚ ਅਰਪਿਤ ਕਰ ਰਿਹਾ ਹੈ। ਇੱਥੇ ਇਹ ਦੇਖਣਾ ਮੁਸ਼ਕਲ ਹੈ ਕਿ ਕੌਣ ਕਿਸ ਜ਼ਿਲ੍ਹੇ ਜਾਂ ਸੂਬੇ ਤੋਂ ਆਇਆ ਹੈ। ਸਾਰਿਆਂ ਦਾ ਮਕਸਦ ਇਕ ਹੈ, ਬੰਨ੍ਹ ਦੀ ਰੱਖਿਆ ਕਰਨਾ ਤੇ ਸ਼ਹਿਰ ਨੂੰ ਹੜ੍ਹ ਤੋਂ ਬਚਾਉਣਾ।