ਨਵੀਂ ਦਿੱਲੀ – ਸੁਪਰੀਮ ਕੋਰਟ ਨੂੰ ਮੰਗਲਵਾਰ ਨੂੰ ਸੂਚਿਤ ਕੀਤਾ ਗਿਆ ਕਿ ਕੋਵਿਡ ਮਹਾਮਾਰੀ ਦੌਰਾਨ ਯੋਗ ਗੁਰੂ ਰਾਮਦੇਵ ਦੀ ਐਲੋਪੈਥਿਕ ਦਵਾਈਆਂ ਦੇ ਖ਼ਿਲਾਫ਼ ਕਥਿਤ ਟਿੱਪਣੀ ਨਾਲ ਸਬੰਧਤ ਮਾਮਲੇ ’ਚ ਛੱਤੀਸਗੜ੍ਹ ਪੁਲਿਸ ਨੇ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਐੱਮਐੱਮ ਸੁੰਦਰੇਸ਼ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੂੰ ਕਿਹਾ ਕਿ ਰਾਮਦੇਵ ਦੇ ਖ਼ਿਲਾਫ਼ ਸ਼ਿਕਾਇਤਾਂ ਕੁਝ ਸੁਆਰਥੀ ਸਮੂਹਾਂ ਵਲੋਂ ਸਪਾਂਸਰ ਲੱਗਦੀਆਂ ਹਨ। ਰਾਮਦੇਵ ਵਲੋਂ ਸੀਨੀਅਰ ਵਕੀਲ ਸਿਧਾਰਥ ਦਵੇ ਨੇ ਕਿਹਾ ਕਿ ਛੱਤੀਸਗੜ੍ਹ ਨੇ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ ਜਦਕਿ ਬਿਹਾਰ ਨੇ ਹਾਲੇ ਤੱਕ ਇਸ ਤਰ੍ਹਾਂ ਨਹੀਂ ਕੀਤਾ। ਇਸ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਸੁਣਵਾਈ ਦਸੰਬਰ ਤੱਕ ਮੁਲਤਵੀ ਕਰ ਦਿੱਤੀ।
ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀਆਂ ਪਟਨਾ ਤੇ ਰਾਏਪੁਰ ਬ੍ਰਾਂਚਾਂ ਨੇ 2021 ’ਚ ਸ਼ਿਕਾਇਤ ਦਰਜ ਕਰਾਈ ਸੀ ਕਿ ਰਾਮਦੇਵ ਦੀਆਂ ਟਿੱਪਣੀਆਂ ਤੋਂ ਕੋਵਿਡ ਕੰਟਰੋਲ ਤੰਤਰ ਦੇ ਪ੍ਰਤੀ ਪੱਖਪਾਤ ਪੈਦਾ ਹੋ ਸਕਦਾ ਹੈ। ਰਾਮਦੇਵ ਨੇ ਕੇਂਦਰ, ਬਿਹਾਰ, ਛੱਤੀਸਗੜ੍ਹ ਤੇ ਆਈਐੱਮਏ ਨੂੰ ਧਿਰ ਬਣਾਇਆ ਸੀ। ਦਵੇ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੇ 2021 ’ਚ ਐਲੋਪੈਥਿਕ ਦਵਾਈਆਂ ’ਚ ਭਰੋਸਾ ਨਾ ਹੋਣ ਦਾ ਬਿਆਨ ਦਿੱਤਾ ਸੀ, ਜਿਸ ’ਤੇ ਡਾਕਟਰਾਂ ਨੇ ਇਤਰਾਜ਼ ਪ੍ਰਗਟਾਇਆ ਤੇ ਉਨ੍ਹਾਂ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕਰਾਏਗਏ। ਰਾਮਦੇਵ ਦੇ ਬਿਆਨਾਂ ਨੇ ਐਲੋਪੈਥੀ ਬਨਾਮ ਆਯੁਰਵੇਦ ’ਤੇ ਦੇਸ਼ ਪੱਧਰੀ ਬਹਿਸ ਛੇੜ ਦਿੱਤੀ ਸੀ। ਹਾਲਾਂਕਿ ਯੋਗ ਗੁਰੂ ਨੇ ਤਤਕਾਲੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਇਕ ਪੱਤਰ ਮਿਲਣ ਦੇ ਬਾਅਦ ਆਪਣੇ ਬਿਆਨ ਵਾਪਸ ਲੈ ਲਏ ਸਨ। ਉਸ ਪੱਤਰ ’ਚ ਰਾਮਦੇਵ ਦੀ ਟਿੱਪਣੀ ਨੂੰ ਗ਼ਲਤ ਦੱਸਿਆ ਗਿਆ ਸੀ।