ਸ਼ਿਮਲਾ – ਮੌਸਮ ਵਿਭਾਗ ਨੇ 12 ਤੋਂ 14 ਸਤੰਬਰ ਤੱਕ ਸੂਬੇ ’ਚ ਕੁਝ ਥਾਵਾਂ ’ਤੇ ਦਰਮਿਆਨੀ ਅਤੇ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। 12 ਸਤੰਬਰ ਨੂੰ ਊਨਾ, ਬਿਲਾਸਪੁਰ ਤੇ ਕਾਂਗੜਾ ਜ਼ਿਲ੍ਹਿਆਂ ਵਿਚ ਕੁਝ ਥਾਵਾਂ ’ਤੇ ਬਿਜਲੀ ਡਿੱਗਣ ਅਤੇ ਭਾਰੀ ਬਾਰਿਸ਼ ਦਾ ਯੈਲੋ ਅਲਰਟ ਹੈ। 13 ਤੇ 14 ਸਤੰਬਰ ਨੂੰ ਲਾਹੌਲ ਸਪਿਤੀ ਅਤੇ ਕਿੰਨੌਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿਚ ਕੁਝ ਥਾਵਾਂ ’ਤੇ ਭਾਰੀ ਬਾਰਿਸ਼ ਦਾ ਯੈਲੋ ਅਲਰਟ ਹੈ। 15 ਤੇ 16 ਸਤੰਬਰ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
ਵੀਰਵਾਰ ਨੂੰ ਸ਼ਿਮਲਾ, ਕਾਂਗੜਾ, ਬਿਲਾਸਪੁਰ ਤੇ ਮੰਡੀ ਵਿਚ ਹਲਕੀ ਬਾਰਿਸ਼ ਹੋਈ ਜਦਕਿ ਬਾਕੀ ਜ਼ਿਲ੍ਹਿਆਂ ਵਿਚ ਮੌਸਮ ਸਾਫ਼ ਰਹਿਣ ਦੇ ਨਾਲ -ਨਾਲ ਬੱਦਲ ਛਾਏ ਰਹੇ। ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਦੇ ਸਤੌਣ ਵਿਚ ਬੁੱਧਵਾਰ ਸ਼ਾਮ ਗਿਰੀ ਨਦੀ ਨੂੰ ਪਾਰ ਕਰਦੇ ਸਮੇਂ ਇਕ ਨਿੱਜੀ ਸਕੂਲ ਦਾ ਅਧਿਆਪਕ ਰੁੜ੍ਹ ਗਿਆ। ਅਧਿਆਪਕ ਦੀ ਲਾਸ਼ ਵੀਰਵਾਰ ਨੂੰ ਨਦੀ ਕਿਨਾਰੇ ਮਿਲੀ। ਸੂਬੇ ’ਚ ਤਿੰਨ ਰਾਸ਼ਟਰੀ ਰਾਜਮਾਰਗ (ਐੱਨਐੱਚ) ਤੇ 577 ਸੜਕਾਂ ਬੰਦ ਹਨ। ਕੁੱਲੂ ਵਿਚ ਐੱਨਐੱਚ-3 ਤੇ 305 ਅਤੇ ਊਨਾ ਵਿਚ 503 ਬੰਦ ਹਨ। ਐੱਨਐੱਚ ਸਮੇਤ ਸੜਕਾਂ ਨੂੰ ਖੋਲ੍ਹਣ ਦੇ ਯਤਨ ਜਾਰੀ ਹਨ। 598 ਟਰਾਂਸਫਾਰਮਰ ਖ਼ਰਾਬ ਹੋਣ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ।
ਮੰਡੀ ਜ਼ਿਲ੍ਹੇ ਦੇ ਸਰਾਜ ਵਿਧਾਨ ਸਭਾ ਖੇਤਰ ਦੀ ਬਾਲੀਚੌਕੀ ਸਬ-ਡਵੀਜ਼ਨ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਕੁਦਰਤੀ ਆਫਤ ਕਾਰਨ ਹੋਏ ਨੁਕਸਾਨ ਦਾ ਵੀਰਵਾਰ ਨੂੰ ਕਮਿਸ਼ਨਰ ਅਪੂਰਵ ਦੇਵਗਨ ਨੇ ਨਿਰੀਖਣ ਕੀਤਾ। ਉਨ੍ਹਾਂ ਨੇ ਸ਼ਰਣ, ਗਾਡਾਗੁਸ਼ੈਣੀ, ਖੁਨਾਚੀ ਅਤੇ ਦੇਵਧਾਰ ਪੰਚਾਇਤਾਂ ਵਿਚ ਹਾਲਾਤ ਦਾ ਜਾਇਜ਼ਾ ਲਿਆ। ਦੇਵਧਾਰ ਤੇ ਖੁਨਾਚੀ ਵਿਚ ਵੱਧ ਨੁਕਸਾਨ ਹੋਇਆ ਹੈ। ਰਸਤੇ ਬੰਦ ਹੋਣ ਕਾਰਨ ਇਨ੍ਹਾਂ ਖੇਤਰਾਂ ਵਿਚ ਪਹਿਲਾਂ ਪਹੁੰਚਿਆ ਨਹੀਂ ਜਾ ਸਕਿਆ ਸੀ। ਹੁਣ ਮਾਰਗ ਬਹਾਲ ਹੋਣ ’ਤੇ ਨੁਕਸਾਨ ਦਾ ਪਤਾ ਲੱਗਾ ਹੈ। ਦੇਵਧਾਰ ਵਿਚ 18 ਘਰ ਟੁੱਟੇ ਹੋਏ ਹਨ। ਨੁਕਸਾਨ ਦਾ ਜਾਇਜ਼ਾ ਲੈਣ ਲਈ ਕਮਿਸ਼•ਨਰ ਗਾਡਾਗੁਸ਼ੈਣੀ ਤੋਂ ਬੰਜਾਰ ਤੱਕ ਲਗਪਗ 15 ਕਿਲੋਮੀਟਰ ਪੈਦਲ ਤੁਰੇ। ਇਸੇ ਦੌਰਾਨ ਮੰਡੀ-ਰਿਵਾਲਸਰ-ਕਲਖਰ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇੱਥੇ ਸੜਕ ਦਲਦਲ ਬਣ ਗਈ ਹੈ ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਬਾ ਦੀ ਸਲੂਣੀ ਸਬ-ਡਵੀਜ਼ਨ ਤਹਿਤ ਪਿੰਡ ਭੜੇਲਾ ਵਿਚ ਬੁੱਧਵਾਰ ਨੂੰ ਲੱਕੜ ਦੇ ਬਣੇ ਤਿੰਨ ਮੰਜ਼ਿਲਾ ਮਕਾਨ ਦੀ ਛੱਤ ਡਿੱਗ ਗਈ। ਹਾਦਸੇ ਸਮੇਂ ਪਰਿਵਾਰ ਦੇ ਮੈਂਬਰ ਦੂਜੇ ਮਕਾਨ ਵਿਚ ਸਨ। ਹਾਦਸਾ ਲੱਕੜ ਦੇ ਬੀਮ ਟੁੱਟਣ ਕਾਰਨ ਵਾਪਰਿਆ।
ਸੂਬੇ ’ਚ 20 ਜੂਨ ਤੋਂ ਹੁਣ ਤੱਕ 4313 ਕਰੋੜ ਰੁਪਏ ਦੇ ਨੁਕਸਾਨ ਅੰਦਾਜ਼ਾ ਲਗਾਇਆ ਗਿਆ ਹੈ। ਹੁਣ ਤੱਕ 215 ਲੋਕਾਂ ਦੀ ਮੌਤ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਹੋਰ ਕਾਰਨਾਂ ਕਰ ਕੇ ਹੋ ਚੁੱਕੀ ਹੈ। ਸੂਬੇ ਵਿਚ 1280 ਮਕਾਨ ਪੂਰੀ ਤਰ੍ਹਾਂ ਨੁਕਸਾਨੇ ਜਾ ਚੁੱਕੇ ਹਨ, ਜਦਕਿ 5643 ਮਕਾਨਾਂ, 480 ਦੁਕਾਨਾਂ ਤੇ 5762 ਗਊਸ਼ਾਲਾਵਾਂ ਨੂੰ ਨੁਕਸਾਨ ਪੁੱਜਾ ਹੈ।