ਦਰਿਆ ਬਿਆਸ ਦੇ ਕਿਨਾਰੇ ਤੋਂ ਅਣਪਛਾਤੀ ਲਾਸ਼ ਬਰਾਮਦ

 ਫੱਤੂਢੀਂਗਾ –ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਜਿੱਥੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਉੱਥੇ ਬਹੁਤ ਸਾਰੀਆਂ ਇਨਸਾਨੀ ਜ਼ਿੰਦਗੀਆਂ ਵੀ ਦਰਿਆਵਾਂ ਦੇ ਪਾਣੀਆਂ ਦੀ ਭੇਂਟ ਚੜ੍ਹ ਗਈਆਂ । ਵਧੇਰੇ ਲੋਕ ਹੜ੍ਹਾਂ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕੁਝ ਲਾਪਤਾ ਦੱਸੇ ਜਾਂਦੇ ਹਨ। ਜਿਵੇਂ- ਜਿਵੇਂ ਦਰਿਆਵਾਂ ਦਾ ਪਾਣੀ ਘੱਟ ਰਿਹਾ ਹੈ ਉਵੇਂ-ਉਵੇਂ ਕੁਝ ਲਾਪਤਾ ਵਿਅਕਤੀ ਲਾਸ਼ਾਂ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਇਹ ਤਾਜ਼ਾ ਮਾਮਲਾ ਪੁਲਿਸ ਥਾਣਾ ਫੱਤੂਢੀਗਾਂ ਦੇ ਪਿੰਡ ਚਿਰਾਗਪੁਰ ਤੋਂ ਸਾਹਮਣੇ ਆਇਆ ਹੈ ਜਿਥੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ ਐਚ ਓ ਜਸਬੀਰ ਸਿੰਘ ਨੇ ਦੱਸਿਆ ਕਿ ਬਘੇਲ ਸਿੰਘ ਪੁੱਤਰ ਸਰਦਾਰਾਂ ਸਿੰਘ ਵਾਸੀ ਜਲਾਲਾਬਾਦ ਦੇ ਖੇਤ ਜਿਹੜੇ ਕਿ ਮੰਡ ਏਰੀਏ ਦੇ ਪਿੰਡ ਚਿਰਾਗਪੁਰ ‘ਚ ਹਨ ਦੇ ਖੇਤਾਂ ਵਿੱਚ ਇੱਕ ਅਣਪਛਾਤੀ ਲਾਸ਼ ਪਈ ਹੈ। ਉਨ੍ਹਾਂ ਵਲੋਂ ਮੌਕੇ ‘ਤੇ ਜਾ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ 72 ਘੰਟਿਆਂ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਵਿੱਚ ਸ਼ਨਾਖਤ ਲਈ ਰੱਖ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 40-45 ਸਾਲ, ਕੱਦ 5-9″ ਇੰਚ ,ਰੰਗ ਕਣਕ ਵੰਨਾ, ਦਾੜੀ ਕੇਸ ਕੱਟੇ ਹੋਏ, ਅਤੇ ਅਸਮਾਨੀ ਰੰਗ ਦੀ ਟੀ ਸਰਟ ਅਤੇ ਅਸਮਾਨੀ ਰੰਗ ਦੀ ਕੈਪਰੀ ਪਾਈ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਥਾਣਾ ਫੱਤੂਢੀਗਾਂ ਮੁਖੀ ਦੇ ਮੋਬਾਇਲ ਫੋਨ ਨੰਬਰ 98728-45946 ਜਾਂ ਮੁੱਖ ਮੁਨਸ਼ੀ ਦੇ ਮੋਬਾਈਲ ਫੋਨ ਨੰਬਰ 76960-97298 ‘ਤੇ ਸੰਪਰਕ ਕਰ ਸਕਦਾ ਹੈ।