30 ਸਤੰਬਰ ਤੱਕ ਸਾਰੇ ਸੰਵੇਦਨਸ਼ੀਲ ਪਸ਼ੂਆਂ ਨੂੰ ਲਗਾਈ ਜਾਵੇਗੀ ਬੂਸਟਰ ਡੋਜ਼, ਪਸ਼ੂ ਪਾਲਣ ਵਿਭਾਗ ਨੇ ਕੀਤਾ ਫ਼ੈਸਲਾ

 ਚੰਡੀਗੜ੍ਹ- ਪਸ਼ੂ ਪਾਲਣ ਵਿਭਾਗ ਨੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਖੁਰਾਂ ਦੀ ਬਿਮਾਰੀ ਅਤੇ ਪਰਜੀਵੀ ਸੰਕਰਮਣ ਸਮੇਤ ਗੰਭੀਰ ਜੋਖਮਾਂ ਨੂੰ ਘਟਾਉਣ ਲਈ ਗਲਘੋਟੂ, ਖੁਰਾਂ ਦੀ ਬਿਮਾਰੀ, ਥਣਾਂ ਦੀ ਬਿਮਾਰੀ, ਛਿੱਛੜਾਂ ਦੀ ਬਿਮਾਰੀ, ਚਮੜੀ ਦੀ ਬਿਮਾਰੀ, ਮੋਕ ਲੱਗਣਾ ਆਦਿ ਲਈ ਮੁਫਤ ਬੂਸਟਰ ਡੋਜ਼ ਦੇਣ ਦਾ ਫ਼ੈਸਲਾ ਕੀਤਾ ਹੈ। ਹੜ੍ਹਾਂ ਦੌਰਾਨ 713 ਪਿੰਡਾਂ ਵਿੱਚ 2.53 ਲੱਖ ਪਸ਼ੂ ਪ੍ਰਭਾਵਿਤ ਹੋਏ ਹਨ। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਸੀਂ ਆਪਣੀ ਪੂਰੀ ਵੈਟਰਨਰੀ ਮਸ਼ੀਨਰੀ ਨੂੰ ਮਿਸ਼ਨ ਮੋਡ ’ਤੇ ਤਾਇਨਾਤ ਕਰ ਰਹੇ ਹਾਂ ਤਾਂ ਜੋ ਕੋਈ ਵੀ ਪਸ਼ੂ ਜਾਂ ਕਿਸਾਨ ਇਸ ਤੋਂ ਵਾਂਝਾ ਨਾ ਰਹੇ। ਮੰਤਰੀ ਨੇ ਕਿਹਾ ਕਿ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਸਹਿਯੋਗ ਨਾਲ ਰੈਪਿਡ ਕਲੀਨ-ਅੱਪ ਅਤੇ ਕੀਟਾਣੂਨਾਸ਼ਕ ਮੁਹਿੰਮ ਤਹਿਤ ਸਾਰੇ ਪ੍ਰਭਾਵਿਤ ਪਸ਼ੂਆਂ ਦੇ ਰਹਿਣ ਵਾਲੇ ਖੇਤਰਾਂ ਨੂੰ ਸਾਫ਼ ਕੀਤਾ ਜਾਵੇਗਾ ਅਤੇ ਨਾਲ ਹੀ ਕੀਟਾਣੂਨਾਸ਼ਕ ਕੀਤਾ ਜਾਵੇਗਾ ਅਤੇ ਵੱਡੇ ਪੱਧਰ ’ਤੇ ਫੌਗਿੰਗ ਕੀਤੀ ਜਾਵੇਗੀ। ਵਿਭਾਗ ਖੜ੍ਹੇ ਪਾਣੀ ਨੂੰ ਕੀਟਾਣੂਨਾਸ਼ਕ ਕਰਨ ਅਤੇ ਫੁੱਟ-ਰੋਟ ਵਰਗੀਆਂ ਘਾਤਕ ਲਾਗਾਂ ਨੂੰ ਰੋਕਣ ਲਈ ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਂਗਨੇਟ ਕ੍ਰਿਸਟਲ ਮੁਫਤ ਵੰਡੇ ਜਾਣਗੇ। ਇਹ ਸਾਰੇ ਉਪਾਅ 21 ਸਤੰਬਰ ਤੱਕ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਟੀਕਾਕਰਨ ਪ੍ਰੋਟੋਕੋਲ ਤਹਿਤ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਗਲਘੋਟੂ ਬਿਮਾਰੀ ਨੂੰ ਰੋਕਣ ਲਈ 30 ਸਤੰਬਰ ਤੱਕ ਸਾਰੇ ਸੰਵੇਦਨਸ਼ੀਲ ਪਸ਼ੂਆਂ ਨੂੰ ਮੁਫਤ ਬੂਸਟਰ ਖੁਰਾਕਾਂ ਦੇਣਗੀਆਂ।