ਰੁਦਰਪ੍ਰਯਾਗ – ਕੇਦਾਰਨਾਥ ਧਾਮ ਲਈ ਦੂਜੇ ਗੇੜ ਦੀਆਂ ਹੈਲੀਕਾਪਟਰ ਸੇਵਾਵਾਂ ਸੋਮਵਾਰ ਤੋਂ ਸ਼ੁਰੂ ਹੋਣਗੀਆਂ। ਹਾਲਾਂਕਿ ਹਾਲੇ ਕੁਝ ਰਸਮੀ ਕਾਰਵਾਈ ਹੋਣੀ ਰਹਿੰਦੀ ਹੈ, ਇਸ ਨਾਲ ਸੋਮਵਾਰ ਸਵੇਰੇ ਦੇਰ ਨਾਲ ਸੇਵਾਵਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਯਾਤਰਾ ਦੇ ਪਹਿਲੇ ਗੇੜ ਵਿਚ ਹੋਏ ਹਾਦਸਿਆਂ ਨੂੰ ਦੇਖਦੇ ਹੋਏ ਇਸ ਵਾਰ ਸਖ਼ਤ ਨਿਯਮਾਂ ਤਹਿਤ ਸੇਵਾਵਾਂ ਸ਼ੁਰੂ ਹੋਣਗੀਆਂ। ਦੂਜੇ ਗੇੜ ਦੀਆਂ ਹੈਲੀਕਾਪਟਰ ਸੇਵਾਵਾਂ ਲਈ ਛੇ ਕੰਪਨੀਆਂ ਕੇਦਾਰ ਵਾਦੀ ਦੇ ਵੱਖ-ਵੱਖ ਹੈਲੀਪੈਡ ’ਤੇ ਪੁੱਜ ਗਈਆਂ ਹਨ।
ਹੈਲੀ ਟਿਕਟਾਂ ਦੀ 22 ਸਤੰਬਰ ਤੱਕ ਬੁਕਿੰਗ ਮੁਕੰਮਲ ਹੋ ਚੁੱਕੀ ਹੈ। ਹੈਲੀਕਾਪਟਰ ਦੇ ਸੰਚਾਲਨ ਲਈ ਡੀਜੀਸੀਏ ਦੀ ਟੀਮ ਵੀ ਪਹਿਲਾਂ ਹੀ ਕੇਦਾਰ ਵਾਦੀ ਪੁੱਜੀ ਹੈ ਜੋ ਕਿ ਸੋਮਵਾਰ ਸਵੇਰੇ ਸਾਰੀ ਰਸਮੀ ਕਾਰਵਾਈ ਮੁਕੰਮਲ ਕਰੇਗੀ। ਹਾਲਾਂਕਿ ਐਤਵਾਰ ਨੂੰ ਮੌਸਮ ਉਲਟ ਹੋਣ ਕਾਰਨ ਡੀਜੀਸੀਏ ਮੁਆਇਨਾ ਨਹੀਂ ਹੋ ਸਕਿਆ।
ਹੈਲੀ ਸੇਵਾਵਾਂ ਦੇ ਨੋਡਲ ਅਧਿਕਾਰੀ ਰਾਹੁਲ ਚੌਬੇ ਨੇ ਦੱਸਿਆ ਕਿ ਸੋਮਵਾਰ ਤੋਂ ਹੈਲੀ ਸੇਵਾਵਾਂ ਸ਼ੁਰੂ ਹੋਣਗੀਆਂ। ਗੁਪਤਕਾਸ਼ੀ ਵਿਚ ਆਰੀਅਨ ਤੇ ਸ਼ੇਰਸੀ ਤੋਂ ਕ੍ਰਿਸਟਲ ਕੰਪਨੀ ਨੂੰ ਉਡਾਣ ਦੀ ਪ੍ਰਵਾਨਗੀ ਨਹੀਂ ਮਿਲੀ ਹੈ ਜਦਕਿ ਗੁਪਤਕਾਸ਼ੀ ਤੋਂ ਟ੍ਰਾਂਸ ਭਾਰਤ, ਫਾਟਾ ਤੋਂ ਪਵਨਹੰਸ, ਥੰਬੀ ਤੇ ਗਲੋਬਲ ਵਿਕਰਟਰਾ, ਸ਼ੇਰਸੀ ਤੋਂ ਹਿਮਾਲਿਆ ਹੈਲੀ ਤੇ ਏਅਰੋ ਸ਼ੇਰਸੀ ਕੰਪਨੀਆਂ ਇਨ੍ਹਾਂ ਸੇਵਾਵਾਂ ਦਾ ਸੰਚਾਲਨ ਕਰਨਗੀਆਂ।