ਬਟਾਲਾ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 16 ਸਤੰਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ ਕਰਨ ਦਾ ਐਲਾਨ ਕੀਤਾ ਹੋਇਆ ਹੈ, ਪਰ ਹੜ੍ਹਾਂ ਅਤੇ ਭਾਰੀ ਬਰਸਾਤ ਕਾਰਨ ਵਾਢੀ ਦਾ ਕੰਮ ਲੇਟ ਹੋਇਆ ਹੈ। ਹਾਲਾਂਕਿ ਮਾਝਾ ਜ਼ੋਨ ਬੈਲਟ ’ਚ ਅਗੇਤੀ ਬਾਸਮਤੀ 1509 ਦੀ ਫਸਲ ਮੰਡੀਆਂ ’ਚ ਆ ਰਹੀ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ’ਚ ਅਗੇਤੀ ਬਾਸਮਤੀ 1509 -1692 ਦੀ ਆਮਦ ਜ਼ੋਰਾਂ ’ਤੇ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਤਿੰਨ ਜ਼ੋਨਾਂ ’ਚ ਵੰਡ ਕੇ 5 ਜੂਨ ਤੋਂ ਲੁਆਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਝੋਨੇ ਦੀ ਲੁਆਈ ਦਾ ਕੰਮ ਅਗੇਤਾ ਹੋਣ ਕਾਰਨ ਇਸ ਵਾਰ ਸਰਕਾਰੀ ਖਰੀਦ ਦਾ ਕੰਮ ਵੀ 15 ਦਿਨ ਪਹਿਲਾਂ ਸ਼ੁਰੂ ਕੀਤਾ ਜਾ ਰਿਹਾ ਹੈ। ਹਰ ਸਾਲ ਸਰਕਾਰੀ ਝੋਨੇ ਦੀ ਖਰੀਦ ਇੱਕ ਅਕਤੂਬਰ ਤੋਂ ਹੁੰਦੀ ਰਹੀ ਹੈ ਪਰ ਇਸ ਵਾਰ ਲੁਆਈ ਅਗੇਤੀ ਹੋਣ ਕਾਰਨ 15 ਸਤੰਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਮੰਡੀਆਂ ਵੀ ਪੰਜਾਬ ਦੀਆਂ ਮੋਹਰਲੀਆਂ ਮੰਡੀਆਂ ’ਚ ਆਉਂਦੀਆਂ ਹਨ।
ਇਸ ਵੇਲੇ ਅੰਮ੍ਰਿਤਸਰ, ਜੰਡਿਆਲਾ ਗੁਰੂ, ਤਰਨ ਤਾਰਨ ਅਤੇ ਬਟਾਲਾ ਦੀਆਂ ਮੰਡੀਆਂ ’ਚ ਬਾਸਮਤੀ ਦੀ ਅਗੇਤੀ ਕਿਸਮ 1509 ਅਤੇ 1692 ਦੀ ਆਮਦ ਜ਼ੋਰਾਂ ’ਤੇ ਹੈ। ਹਾਲਾਂਕਿ ਹੜ੍ਹਾਂ ਕਾਰਨ ਫਸਲ ਖਰਾਬ ਹੋਣ ਦੇ ਬਾਵਜੂਦ ਬਾਸਮਤੀ ਦਾ ਚੰਗਾ ਭਾਅ ਨਾ ਮਿਲਣ ਕਾਰਨ ਕਿਸਾਨਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨ ’ਤੇ ਗੱਲ ਸਾਹਮਣੇ ਆਈ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ, ਪਰ ਭਾਰੀ ਬਰਸਾਤ ਕਾਰਨ ਇਸ ਵਾਰ ਫਸਲ ਤਕਰੀਬਨ 15 ਦਿਨ ਲੇਟ ਪੱਕੇਗੀ ਅਤੇ ਮੰਡੀ ’ਚ ਫਸਲ ਆਉਣ ਤੋਂ ਬਾਅਦ ਹੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋਵੇਗਾ। ਉਧਰ ਪੰਜਾਬ ਦੇ ਸਰਹੱਦੀ ਖੇਤਰ ’ਚ ਹੜ੍ਹ ਦੀ ਮਾਰ ਪੈਣ ਕਾਰਨ ਝੋਨੇ ਅਤੇ ਬਾਸਮਤੀ ਦੀ ਫਸਲ ਖਰਾਬ ਹੋ ਚੁੱਕੀ ਹੈ। ਭਾਵੇਂ ਸਰਕਾਰ ਵੱਲੋਂ ਖਰੀਦ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸਰਹੱਦੀ ਖੇਤਰ ਦੀਆਂ ਮੰਡੀਆਂ ’ਚ ਅਜੇ ਸੁੰਨਸਾਨ ਛਾਈ ਪਈ ਹੈ।