ਲੰਡਨ – ਨਸਲੀ ਨਫ਼ਰਤ ਕਾਰਨ ਬਰਤਾਨਵੀ ਸਿੱਖ ਲੜਕੀ ਨਾਲ ਜਬਰ-ਜਨਾਹ ਕਰਨ ਵਾਲੇ ਸ਼ੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 30 ਸਾਲਾ ਵਿਅਕਤੀ ਨੂੰ ਐਤਵਾਰ ਨੂੰ ਹਿਰਾਸਤ ’ਚ ਲਿਆ ਗਿਆ ਸੀ। ਉਸਨੇ ਪਿਛਲੇ ਹਫ਼ਤੇ ਮੰਗਲਵਾਰ ਨੂੰ ਵੈਸਟ ਮਿਡਲੈਂਡਸ ਇਲਾਕੇ ਦੇ ਓਲਡਬਰੀ ’ਚ ਲੜਕੀ ਨਾਲ ਜਬਰ-ਜਨਾਹ ਕੀਤਾ ਸੀ।
ਸੈਂਡਵੈਲ ਪੁਲਿਸ ਦੀ ਚੀਫ ਸੁਪਰਡੈਂਟ ਕਿਮ ਮੈਡਿਲ ਨੇ ਕਿਹਾ ਕਿ ਇਸ ਜਾਂਚ ’ਚ ਇਕ ਮਹੱਤਵਪੂਰਨ ਸਫਲਤਾ ਮਿਲੀ ਹੈ ਤੇ ਅਸੀਂ ਭਾਈਚਾਰੇ ਨੂੰ ਉਨ੍ਹਾਂ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਦੇਣਾ ਚਾਹੁੰਦੇ ਹਾਂ। ਜਾਂਚ ਹਾਲੇ ਜਾਰੀ ਹੈ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਟਕਲਾਂ ਨਾ ਲਗਾਉਣ। ਅਸੀਂ ਉਨ੍ਹਾਂ ਸਾਰੇ ਲੋਕਾਂ ਦੀ ਪਛਾਣ ਕਰਨ ਤੇ ਉਨ੍ਹਾਂ ਦਾ ਪਤਾ ਲਗਾਉਣ ਦਾ ਕੰਮ ਕਰ ਰਹੇ ਹਾਂ, ਜਿਹੜੇ ਇਸ ਵਿਚ ਸ਼ਾਮਲ ਹੋ ਸਕਦੇ ਹਨ। ਵੈਸਟ ਮਿਡਲੈਂਡਸ ਇਲਾਕੇ ਤੋਂ ਬਰਤਾਨਵੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਓਲਡਬਰੀ ’ਚ ਇਕ ਸਿੱਖ ਲੜਕੀ ’ਤੇ ਹੋਏ ਹਮਲੇ ਤੋਂ ਹੈਰਾਨ ਹਾਂ। ਇਹ ਹਿੰਸਾ ਵਾਲੀ ਹਰਕਤ ਸੀ।
ਇਸਨੂੰ ਨਸਲੀ ਭੇਦਭਾਵ ਦੇ ਰੂਪ ’ਚ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਕਥਿਤ ਤੌਰ ’ਤੇ ਅਪਰਾਧੀ ਨੇ ਉਸਨੂੰ ਕਿਹਾ ਸੀ ਕਿ ਉਹ ਇੱਥੋਂ ਦੀ ਨਹੀਂ ਹੈ। ਐਤਵਾਰ ਨੂੰ ਸਥਾਨਕ ਸਿੱਖ ਭਾਈਚਾਰੇ ਨੇ ਇਕਜੁੱਟਤਾ ਦਿਖਾਉਣ ਲਈ ਹਮਲੇ ਵਾਲੀ ਥਾਂ ’ਤੇ ਮਾਰਚ ਕੀਤਾ ਤੇ ਪੀੜਤਾ ਤੇ ਉਸਦੇ ਪਰਿਵਾਰ ਲਈ ਅਰਦਾਸ ਕੀਤੀ।