ਆਪ੍ਰੇਸ਼ਨ ਸਿੰਦੂਰ ’ਚ ਮਸੂਦ ਅਜ਼ਹਰ ਪਰਿਵਾਰ ਦੇ ਉੱਡ ਗਏ ਸਨ ਚੀਥੜੇ

ਨਵੀਂ ਦਿੱਲੀ : ਆਪ੍ਰੇਸ਼ਨ ਸਿੰਦੂਰ ਦਾ ਖ਼ੌਫ਼ ਚਾਰ ਮਹੀਨੇ ਬਾਅਦ ਵੀ ਪਾਕਿਸਤਾਨ ਵਿਚ ਅੱਤਵਾਦੀਆਂ ਵਿਚ ਦੇਖਿਾ ਜਾ ਸਕਦਾ ਹੈ। ਜੈਸ਼-ਏ-ਮੁਹੰਮਦ ਦੇ ਇਕ ਕਮਾਂਡਰ ਮਸੂਦ ਇਲਿਆਸ ਕਸ਼ਮੀਰੀ ਨੇ ਸਵੀਕਾਰ ਕੀਤਾ ਕਿ ਅੱਤਵਾਦੀ ਸੰਗਠਨ ਦੇ ਬਹਾਵਲਪੁਰ ਹੈੱਡਕੁਆਰਟਰ ’ਤੇ ਭਾਰਤੀ ਫ਼ੌਜ ਦੇ ਹਮਲੇ ਵਿਚ ਉਸ ਦੇ ਸੰਸਥਾਪਕ ਮਸੂਦ ਅਜ਼ਹਰ ਦੇ ਪਰਿਵਾਰ ਦੇ ਮੈਂਬਰਾਂ ਦੇ ਚੀਥੜੇ ਉੱਡ ਗਏ ਸਨ। ਵੈਸੇ ਮਸੂਦ ਅਜ਼ਹਰ ਖ਼ੁਦ ਵੀ ਆਪ੍ਰੇਸ਼ਨ ਸਿੰਧੂਰ ਵਿਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮਾਰੇ ਜਾਣ ਦੀ ਗੱਲ ਸਵੀਕਾਰ ਕਰ ਚੁੱਕਾ ਹੈ ਪਰ ਪਹਿਲੀ ਵਾਰ ਕਿਸੇ ਵੱਡੇ ਅੱਤਵਾਦੀ ਕਮਾਂਡਰ ਨੇ ਹਮਲੇ ਦੇ ਨੁਕਸਾਨ ਦਾ ਵਰਨਣ ਕੀਤਾ ਹੈ। ਮਕਬੂਜ਼ਾ ਜੰਮੂ-ਕਸ਼ਮੀਰ ਵਿਚ ਪੈਦਾ ਹੋਇਆ ਇਲਿਆਸ ਕਸ਼ਮੀਰੀ ਜੈਸ਼-ਏ-ਮੁਹੰਮਦ ਵਿਚ ਨੰਬਰ ਦੋ ਮੰਨਿਆ ਜਾਂਦਾ ਹੈ। ਉਹ ਅੱਤਵਾਦੀਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇਣ ਤੋਂ ਲੈ ਕੇ ਨੌਜਵਾਨਾਂ ਨੂੰ ਕੱਟੜਤਾ ਦਾ ਪਾਠ ਪੜ੍ਹਾ ਕੇ ਅੱਤਵਾਦੀ ਬਣਾਉਣ ਦਾ ਕੰਮ ਕਰਦਾ ਹੈ।

ਇਲਿਆਸ ਕਸ਼ਮੀਰੀ ਦਾ ਇਹ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੈ। ਭਾਜਪਾ ਆਈਟੀ ਸੈੱਲ ਦੇ ਪ੍ਰਮੁੱਖ ਅਮਿਤ ਮਾਲਵੀਆ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਹੈ। ਵੀਡੀਓ ਵਿਚ ਇਲਿਆਸ ਕਸ਼ਮੀਰੀ ਦਾ ਪਾਕਿਸਤਾਨ ਦੇ ਅੰਦਰ ਵੀ ਸੁਰੱਖਿਅਤ ਨਾ ਹੋਣ ਦਾ ਡਰ ਦੇਖਿਆ ਜਾ ਸਕਦਾ ਹੈ। ਇਸ ਵਿਚ ਜੈਸ਼ ਦੇ ਹੋਰ ਹਥਿਆਰਬੰਦ ਅੱਤਵਾਦੀ ਕਮਾਂਡਰਾਂ ਦੀ ਮੌਜੂਦਗੀ ਵਿਚ ਇਲਿਆਸ ਕਸ਼ਮੀਰੀ ਉਰਦੂ ਵਿਚ ਦੱਸ ਰਿਹਾ ਹੈ, ‘ਅੱਤਵਾਦ ਨੂੰ ਗਲੇ ਲਾ ਕੇ ਅਸੀਂ ਇਸ ਦੇਸ਼ (ਪਾਕਿਸਤਾਨ) ਦੀਆਂ ਵਿਚਾਰਕ ਤੇ ਭੁਗੋਲਿਕ ਸਰਹੱਦਾਂ ਦੀ ਰਾਖੀ ਲਈ ਦਿੱਲੀ, ਕਾਬੁਲ ਅਤੇ ਕੰਧਾਰ ’ਤੇ ਹਮਲਾ (ਜਿਹਾਦ) ਕੀਤਾ। ਆਪਣਾ ਸਭ ਕੁਝ ਕੁਰਬਾਨ ਕਰਨ ਤੋਂ ਬਾਅਦ ਸੱਤ ਮਈ ਨੂੰ ਮੌਲਾਨਾ ਮਸੂਦ ਅਜ਼ਹਰ ਦੇ ਪਰਿਵਾਰ ਦੇ ਮੈਂਬਰਾਂ ਦੇ ਬਹਾਵਲਪੁਰ ਵਿਚ (ਭਾਰਤੀ ਸੁਰੱਖਿਆ ਬਲਾਂ ਨੇ) ਚੀਥੜੇ ਉਡਾ ਦਿੱਤੇ।’ ਕਸ਼ਮੀਰੀ ਕਥਿਤ ਤੌਰ ’ਤੇ ਛੇ ਸਤੰਬਰ ਨੂੰ ਪਾਕਿਸਤਾਨੀ ਪੰਜਾਬ ਵਿਚ ਮਿਸ਼ਨ ਮੁਸਤਫ਼ਾ ਸੰਮੇਲਨ ਵਿਚ ਬੋਲ ਰਿਹਾ ਹੈ। ਇਲਿਆਸ ਕਸ਼ਮੀਰੀ ਨੇ ਇਕ ਵਾਰ ਫਿਰ ਪਾਕਿਸਤਾਨੀ ਫ਼ੌਜ ਤੇ ਅੱਤਵਾਦੀਆਂ ਦੇ ਗਠਜੋੜ ਦੀ ਪੁਸ਼ਟੀ ਵੀ ਕਰ ਦਿੱਤੀ। ਉਸ ਮੁਤਾਬਕ ਅੱਤਵਾਦੀ ਸਮੂਹਾਂ ਨੂੰ ਪਾਕਿਸਤਾਨੀ ਫ਼ੌਜ ਤੇ ਉਸ ਦੇ ਪ੍ਰਮੁੱਖ ਆਸਿਮ ਮੁਨੀਰ ਦਾ ਭਰਪੂਰ ਸਮਰਥਨ ਮਿਲਦਾ ਰਿਹਾ ਹੈ। ਇਸ ਦੇ ਨਤੀਜੇ ਦੇ ਰੂਪ ਵਿਚ ਉਸ ਨੇ ਆਪ੍ਰੇਸ਼ਨ ਸਿੰਧੂਰ ਵਿਚ ਮਾਰੇ ਗਏ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿਚ ਫ਼ੌਜ ਦੇ ਵੱਡੇ ਅਧਿਕਾਰੀਆਂ ਨੂੰ ਭੇਜੇ ਜਾਣ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਅੰਤਿਮ ਸੰਸਕਾਰ ਵਿਚ ਫ਼ੌਜ ਤੇ ਨਾਗਰਿਕ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੇ ਵੀਡੀਓ ਤੇ ਫੋਟੋ ਵੀ ਸਾਹਮਣੇ ਆਏ ਸਨ।

22 ਅਪ੍ਰੈਲ ਨੂੰ ਪਹਿਲਗਾਮ ਹਮਲੇ ਮਗਰੋਂ ਜਵਾਬੀ ਕਾਰਵਾਈ ਕਰਦੇ ਹੋਏ ਭਾਰਤੀ ਫ਼ੌਜ ਨੇ ਛੇ-ਸੱਤ ਮਈ ਦੀ ਰਾਤ ਨੂੰ ਆਪ੍ਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਤੇ ਮਕਬੂਜ਼ਾ ਜੰਮੂ-ਕਸ਼ਮੀਰ ਵਿਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਇਨ੍ਹਾਂ ਵਿਚ ਲਸ਼ਕਰ-ਏ-ਤਇਬਾ ਦੇ ਮੁਰੀਦਕੇ ਸਥਿਤ ਹੈੱਡਕੁਆਰਟਰ ਦੇ ਨਾਲ-ਨਾਲ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਸਥਿਤ ਹੈੱਡਕੁਆਰਟਰ ਵੀ ਸ਼ਾਮਲ ਸੀ। ਅਜ਼ਹਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਸੀ ਕਿ ਬਹਾਵਲਪੁਰ ਵਿਚ ਜਾਮੀਆ ਮਸਜਿਦ ਸੁਭਹਾਨ ਅੱਲ੍ਹਾ ’ਤੇ ਭਾਰਤੀ ਹਮਲੇ ਵਿਚ ਉਸ ਦੇ ਪਰਿਵਾਰ ਦੇ 10 ਮੈਂਬਰਾਂ ਤੇ ਚਾਰ ਕਰੀਬੀ ਸਹਿਯੋਗੀਆਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ਵਿਚ ਅਜ਼ਹਰ ਦੀ ਵੱਡੀ ਭੈਣ ਤੇ ਉਸ ਦਾ ਪਤੀ, ਇਕ ਭਤੀਜਾ ਤੇ ਉਸ ਦੀ ਪਤਨੀ, ਇਕ ਹੋਰ ਭਤੀਜੀ ਅਤੇ ਪਰਿਵਾਰ ਦੇ ਪੰਜ ਬੱਚੇ ਸ਼ਾਮਲ ਸਨ।

ਚੀਨ ਵੱਲੋਂ ਜੈਸ਼-ਏ-ਮੁਹੰਮਦ ਪ੍ਰਮੁੱਖ ਨੂੰ ਕਾਲੀ ਸੂਚੀ ਵਿਚ ਪਾਉਣ ਦੇ ਮਤੇ ’ਤੇ ਰੋਕ ਹਟਾਉਣ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਮਈ 2019 ਵਿਚ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਗਿਆ ਸੀ। ਇਸ ਤੋਂ ਲਗਪਗ ਇਕ ਦਹਾਕਾ ਪਹਿਲਾਂ ਭਾਰਤ ਨੇ ਇਸ ਮੁੱਦੇ ’ਤੇ ਪਹਿਲੀ ਵਾਰ ਸੰਯੁਕਤ ਰਾਸ਼ਟਰ ਨਾਲ ਸੰਪਰਕ ਕੀਤਾ ਸੀ। ਅਪ੍ਰੈਲ 2019 ਤੋਂ ਜਨਤਕ ਰੂਪ ਨਾਲ ਨਹੀਂ ਦੇਖੇ ਗਏ ਅਜ਼ਹਰ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਬਹਾਵਲਪੁਰ ਵਿਚ ਕਿਸੇ ਸੁਰੱਖਿਅਤ ਸਥਾਨ ’ਤੇ ਲੁਕਿਆ ਹੋਇਆ ਹੈ। ਜੈਸ਼ ਭਾਰਤ ਵਿਚ ਕਈ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਰਿਹਾ ਹੈ। ਇਨ੍ਹਾਂ ਵਿਚ ਸਾਲ 2000 ’ਚ ਜੰਮੂ-ਕਸ਼ਮੀਰ ਵਿਧਾਨ ਸਭਾ ’ਤੇ ਹਮਲਾ, 2001 ਵਿਚ ਸੰਸਦ ’ਤੇ ਹਮਲਾ, 2016 ਵਿਚ ਪਠਾਨਕੋਟ ਏਅਰਬੇਸ ’ਤੇ ਹਮਲਾ ਅਤੇ 2019 ਵਿਚ ਪੁਲਵਾਮਾ ’ਚ ਆਤਮਘਾਤੀ ਹਮਲਾ ਸ਼ਾਮਲ ਹੈ।