ਚੰਡੀਗੜ੍ਹ – ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਵਿਚ ਬਣਨ ਵਾਲੇ ਸਿੱਖ ਮਿਊਜ਼ੀਅਮ ਤੇ ਵਿਰਾਸਤ ਕੇਂਦਰ ਅਤੇ ਸੰਤ ਰਵਿਦਾਸ ਭਵਨ ਤੇ ਮਿਊਜ਼ੀਅਮ ਲਈ ਖੋਜ ਕਮੇਟੀਆਂ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਕਮੇਟੀਆਂ ਪਵਿੱਤਰ ਗੁਰੂਆਂ ਦੀ ਜੀਵਨ ਯਾਤਰਾ, ਸਿੱਖਿਆਵਾਂ ਅਤੇ ਆਦਰਸ਼ਾਂ ਨਾਲ ਸੰਬੰਧਿਤ ਵਿਸ਼ਿਆਂ ਦੀ ਜਾਂਚ ਤੇ ਸੱਚਾਈ ਦੀ ਪੁਸ਼ਟੀ ਕਰਨਗੀਆਂ ਜਿਸ ਨਾਲ ਦੋਵਾਂ ਖ਼ਾਹਸ਼ੀ ਪ੍ਰਾਜੈਕਟਾਂ ਦੇ ਕੰਮ ਨੂੰ ਜਲਦੀ ਰਫ਼ਤਾਰ ਮਿਲ ਸਕੇ। ਕਮੇਟੀਆਂ ਵਿਚ ਉਹ ਵਿਦਵਾਨ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਨੇ ਗੁਰੂਆਂ ਦੇ ਜੀਵਨ ਅਤੇ ਯੋਗਦਾਨ ’ਤੇ ਡੂੰਘਾਈ ਨਾਲ ਅਧਿਐਨ ਅਤੇ ਖੋਜ ਕਾਰਜ ਕੀਤੇ ਹਨ।
ਪਵਿੱਤਰ ਵਿਰਾਸਤ ਦੀ ਸਾਂਭ-ਸੰਭਾਲ ਕਰਨ ਅਤੇ ਗੁਰੂਆਂ ਦੇ ਜੀਵਨ-ਦਰਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਟੀਚੇ ਨਾਲ ਹਰਿਆਣਾ ਸਰਕਾਰ ਕੁਰੂਕਸ਼ੇਤਰ ਵਿਚ ਤਿੰਨ ਏਕੜ ਜ਼ਮੀਨ ’ਤੇ ਸਿੱਖ ਮਿਊਜ਼ੀਅਮ ਤੇ ਵਿਰਾਸਤ ਕੇਂਦਰ ਅਤੇ ਪੰਜ ਏਕੜ ਜ਼ਮੀਨ ’ਤੇ ਗੁਰੂ ਰਵਿਦਾਸ ਭਵਨ ਅਤੇ ਮਿਊਜ਼ੀਅਮ ਦੀ ਸਥਾਪਨਾ ਕਰ ਰਹੀ ਹੈ। ਮੁੱਖ ਮੰਤਰੀ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿਚ ਸਿੱਖ ਮਿਊਜ਼ੀਅਮ ਤੇ ਵਿਰਾਸਤ ਕੇਂਦਰ ਅਤੇ ਸੰਤ ਰਵਿਦਾਸ ਭਵਨ ਤੇ ਮਿਊਜ਼ੀਅਮ ਦੇ ਨਿਰਮਾਣ ਸੰਬੰਧੀ ਪ੍ਰਗਤੀ ਦੀ ਸਮੀਖਿਆ ਕੀਤੀ। ਬੈਠਕ ਦੌਰਾਨ ਮੁੱਖ ਮੰਤਰੀ ਨੇ ਦੋਵਾਂ ਮਿਊਜ਼ੀਅਮਾਂ ਦੇ ਸੰਕਲਪ ਡਿਜ਼ਾਈਨਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਚਾਰ ਤੋਂ ਪੰਜ ਬਦਲ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਬਦਲ ਨੂੰ ਜਲਦੀ ਅੰਤਮ ਰੂਪ ਦੇ ਕੇ ਕੰਮ ਸ਼ੁਰੂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਮਿਊਜ਼ੀਅਮਾਂ ਲਈ ਵਾਸਤੂਸ਼ਿਲਪੀ ਡਿਜ਼ਾਈਨ ਤਿਆਰ ਕਰਦਿਆਂ ਸੰਰਚਨਾਵਾਂ ਦੀ ਇਕਰੂਪਤਾ ਯਕੀਨੀ ਬਣਾਈ ਜਾਵੇ ਅਤੇ ਭਵਨ ਚਾਰੇ ਪਾਸਿਓਂ ਇੱਕੋ ਜਿਹੇ ਪ੍ਰਭਾਵਸ਼ਾਲੀ ਅਤੇ ਆਕਰਸ਼ਕ ਦਿਖਾਈ ਦੇਣ। ਨਾਇਬ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਬਣਨ ਵਾਲਾ ਸਿੱਖ ਮਿਊਜ਼ੀਅਣ ਸਿੱਖ ਇਤਿਹਾਸ, ਸੰਸਕ੍ਰਿਤੀ ਤੇ ਗੁਰੂਆਂ ਦੀ ਯਾਤਰਾ ਨੂੰ ਵਿਸਥਾਰ ਨਾਲ ਪੇਸ਼ ਕਰੇਗਾ। ਇਸੇ ਤਰ੍ਹਾਂ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਮਿਊਜ਼ੀਅਮ ਨਾ ਸਿਰਫ਼ ਇਮਾਰਤਸਾਜ਼ੀ ਦੇ ਨਜ਼ਰੀਏ ਤੋਂ ਪ੍ਰਭਾਵਸ਼ਾਲੀ ਹੋਵੇਗਾ ਸਗੋਂ ਸੰਤ ਰਵਿਦਾਸ ਜੀ ਦੇ ਅਧਿਆਤਮਕ ਦਰਸ਼ਨ, ਸਿੱਖਿਆਵਾਂ ਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਨੂੰ ਵੀ ਪ੍ਰਗਟ ਕਰੇਗਾ।
ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਸਿੱਖ ਗੁਰੂਆਂ ਦੇ ਇਤਿਹਾਸ ਅਤੇ ਸਿੱਖਿਆਵਾਂ ਦੇ ਨਾਲ-ਨਾਲ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਵਿਚਾਰਾਂ ’ਤੇ ਆਧਾਰਤ ਪੁਸਤਕਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਜੋ ਮਿਊਜ਼ੀਅਮਾਂ ਦੇ ਉਦਘਾਟਨ ਮੌਕੇ ਉਨ੍ਹਾਂ ਦੀ ਘੁੰਡ ਚੁਕਾਈ ਕੀਤੀ ਜਾ ਸਕੇ। ਬੈਠਕ ਵਿਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਚੀਫ ਸਕੱਤਰ ਰਾਜੇਸ਼ ਖੁੱਲਰ, ਸੈਰ-ਸਪਾਟਾ ਅਤੇ ਵਿਰਾਸਤ ਵਿਭਾਗ ਦੀ ਪ੍ਰਧਾਨ ਸਕੱਤਰ ਕਲਾ ਰਾਮਚੰਦਰਨ, ਸੂਚਨਾ, ਜਨਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਧਿਕਾਰੀ ਭਾਰਤ ਭੂਸ਼ਣ ਭਾਰਤੀ, ਵਿਸ਼ੇਸ਼ ਕਾਰਜ ਅਧਿਕਾਰੀ ਡਾ. ਪ੍ਰਭਲੀਨ ਸਿੰਘ, ਹਰਿਆਣਾ ਸਾਹਿਤ ਤੇ ਸੰਸਕ੍ਰਿਤ ਅਕਾਦਮੀ ਦੇ ਕਾਰਜਕਾਰੀ ਪ੍ਰਧਾਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਸ਼ਾਮਲ ਹੋਏ।