-ਪੰਜਾਬ ’ਚ ਨਸ਼ਿਆਂ ਦੀ ਗੰਭੀਰ ਸਮੱਸਿਆ ਹੈ। ਸੂਬੇ ਨੇ ਲੰਬਾ ਸਮਾਂ ਇਸ ਦਾ ਸੰਤਾਪ ਹੰਢਾਇਆ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਵੇਚਣ ਵਾਲਿਆਂ ਦਾ ਲੱਕ ਤੋੜਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਕੋਈ ਸਮਾਂ ਸੀ ਜਦੋਂ ਨਸ਼ਾ ਪੰਜਾਬ ਦੇ ਘਰ-ਘਰ ਦੀ ਕਹਾਣੀ ਬਣ ਗਿਆ ਸੀ।
ਬੁਰੀਆਂ ਆਦਤਾਂ ਵਿੱਚੋਂ ਨਸ਼ਿਆਂ ਦੀ ਬਿਮਾਰੀ ਗੰਭੀਰਤਾ ਪੱਖੋਂ ਪਹਿਲੇ ਨੰਬਰ ਉੱਤੇ ਹੈ। ਨਸ਼ੇ ਦੀ ਆਦਤ ਮਨੁੱਖ ਨੂੰ ਐਨੀ ਬੁਰੀ ਤਰ੍ਹਾਂ ਆਪਣੇ ਸ਼ਿਕੰਜੇ ’ਚ ਜਕੜਦੀ ਹੈ ਕਿ ਉਹ ਮੁਕੱਦਮੇ ਦਰਜ ਹੋਣ ਤੋਂ ਵੀ ਨਹੀਂ ਡਰਦਾ ਤੇ ਨਾ ਹੀ ਉਸ ਨੂੰ ਪਰਿਵਾਰ ਦਾ ਕੋਈ ਡਰ ਤੇ ਮੋਹ ਰਹਿੰਦਾ ਹੈ। ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ ਆਪਣੀ ਮੌਤ ਆਪ ਸਹੇੜਨ ਵਾਲੀ ਗੱਲ ਹੈ। ਇਹ ਇਕ ਮਿੱਠਾ ਜ਼ਹਿਰ ਹੈ ਜੋ ਹੌਲੀ-ਹੌਲੀ ਮਨੁੱਖ ਨੂੰ ਮੌਤ ਵੱਲ ਲੈ ਕੇ ਜਾਂਦਾ ਹੈ।
ਲੋਕਾਂ ਕੋਲ ਨਸ਼ਾ ਕਰਨ ਦੇ ਬਹੁਤ ਬਹਾਨੇ ਹੁੰਦੇ ਹਨ ਜਿਵੇਂ ਬੇਰੁਜ਼ਗਾਰੀ, ਪਰਿਵਾਰਕ ਝਗੜੇ, ਮਾਨਸਿਕ ਸ਼ਾਂਤੀ ਤੇ ਸਰੀਰਕ ਮਿਹਨਤ ਕਰਨ ਵਾਲੇ ਕੰਮ ਆਦਿ ਪਰ ਇਹ ਕੋਈ ਕਾਰਨ ਨਹੀਂ ਕਿ ਤੁਸੀਂ ਆਪਣੀ ਮੌਤ ਨੂੰ ਖ਼ੁਦ ਸਹੇੜ ਲਵੋ। ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ। ਨਸ਼ਿਆਂ ਦੀ ਪੂਰਤੀ ਸਮਾਜਿਕ ਮਾਹੌਲ ਨੂੰ ਖ਼ਰਾਬ ਕਰਨ ਦੇ ਕਾਰਨਾਂ ਵਿਚ ਤੇਜ਼ੀ ਨਾਲ ਉੱਭਰੀ ਹੈ। ਨਸ਼ੇੜੀ ਚੋਰੀਆਂ ਕਰਨ ਤੇ ਲੁੱਟ-ਖੋਹ ਕਰਨ ਵਿਚ ਭੋਰਾ ਵੀ ਝਿਜਕ ਨਹੀਂ ਕਰਦੇ।
ਸੜਕਾਂ ਉੱਤੇ ਝਪਟਮਾਰ ਆਮ ਗੱਲ ਹੋ ਗਈ ਹੈ। ਇੱਥੋਂ ਤੱਕ ਕਿ ਨੌਜਵਾਨ ਨਸ਼ੇ ਦੀ ਤੋੜ ਕਾਰਨ ਆਪਣੇ ਘਰਦਿਆ ਦੇ ਗਹਿਣੇ ਵੀ ਚੋਰੀ ਕਰਦੇ ਹਨ। ਕਈ ਮਾਪੇ ਤਾਂ ਇਸ ਡਰੋਂ ਆਪਣੇ ਨਸ਼ੇੜੀ ਬੱਚਿਆਂ ਨੂੰ ਕਮਰਿਆਂ ਵਿਚ ਵੀ ਬੰਦ ਰੱਖਦੇ ਹਨ। ਕੋਈ ਸਮਾਂ ਸੀ ਜਦੋਂ ਲੜਕੀ ਦਾ ਰਿਸ਼ਤਾ ਕਰਨ ਲੱਗੇ ਲੋਕ ਪੁੱਛਦੇ ਸਨ ਕਿ ਮੁੰਡਾ ਸ਼ਰਾਬ ਤਾਂ ਨਹੀਂ ਪੀਂਦਾ।
ਸ਼ਰਾਬ ਨੂੰ ਬੁਰਾ ਸਮਝਿਆ ਜਾਂਦਾ ਸੀ ਪਰ ਸਮੇਂ ਨੇ ਐਸੀ ਕਰਵਟ ਬਦਲੀ ਤੇ ਇੰਨੇ ਮਾੜੇ ਨਸ਼ੇ ਆਉਣ ਲੱਗ ਪਏ ਕਿ ਹੁਣ ਸ਼ਰਾਬ ਨੂੰ ਉਨ੍ਹਾਂ ਨਸ਼ਿਆਂ ਦੇ ਮੁਕਾਬਲੇ ਓਨਾ ਮਾੜਾ ਨਹੀਂ ਸਮਝਿਆ ਜਾਂਦਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਸ਼ਰਾਬ ਪੀਣਾ ਚੰਗੀ ਗੱਲ ਹੈ। ਇਕਹਿਰੇ ਪਰਿਵਾਰ ਹੋਣ ਕਰਕੇ ਨੌਕਰੀਪੇਸ਼ਾ ਮਾਂ-ਬਾਪ ਆਪਣੇ ਬੱਚਿਆ ਨੂੰ ਲੋੜੀਂਦਾ ਸਮਾਂ ਨਹੀਂ ਦੇ ਰਹੇ।
ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਇਕੱਲਤਾ ਕਾਰਨ ਜਾਂ ਮਾਪਿਆਂ ਦੀ ਨਿਗ੍ਹਾ ਤੋਂ ਪਰ੍ਹੇ ਹੋਣ ਕਾਰਨ ਕੁਝ ਬੱਚੇ ਮਾੜੇ ਰਾਹ ਪੈ ਜਾਂਦੇ ਹਨ। ਗੀਤ-ਸੰਗੀਤ ਦਾ ਨਵੀਂ ਉਮਰ ਦੇ ਮੁੰਡੇ-ਕੁੜੀਆਂ ਉੱਤੇ ਬੇਹੱਦ ਪ੍ਰਭਾਵ ਪੈਂਦਾ ਹੈ। ਅੱਜ-ਕੱਲ੍ਹ ਨਸ਼ਿਆਂ ਵਾਲੇ ਗੀਤਾਂ ਨੇ ਵੀ ਕੰਮ ਖ਼ਰਾਬ ਕੀਤਾ ਹੋਇਆ ਹੈ।
ਗੀਤਾਂ ਵਿਚ ਨਸ਼ਿਆਂ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਇਹੋ ਜਿਹੇ ਗੀਤ ਮੁਕੰਮਲ ਤੌਰ ’ਤੇ ਬੰਦ ਹੋਣੇ ਚਾਹੀਦੇ ਹਨ। ਨੌਜਵਾਨੀ ’ਤੇ ਨਸ਼ਿਆਂ ਦੀ ਸ਼ਬਦਾਵਲੀ ਤੇ ਫਿਲਮਾਂਕਣ ਵਾਲੇ ਗੀਤਾਂ ਦਾ ਕਾਫ਼ੀ ਗ਼ਲਤ ਅਸਰ ਪੈਂਦਾ ਹੈ। ਇਹ ਅਸੀਂ ਆਮ ਪੜ੍ਹਦੇ-ਸੁਣਦੇ ਹਾਂ ਕਿ ਨਸ਼ੇ ਦੀ ਪੂਰਤੀ ਲਈ ਨੌਜਵਾਨ ਨੇ ਆਪਣੇ ਘਰ ਵਿਚ ਚੋਰੀ ਕੀਤੀ ਜਾਂ ਪਰਿਵਾਰਕ ਮੈਂਬਰਾਂ ਨੂੰ ਸਰੀਰਕ ਨੁਕਸਾਨ ਪਹੁੰਚਾਇਆ।
ਪਿਛਲੇ ਸਮੇਂ ਵਿਚ ਨਸ਼ਿਆਂ ਨੇ ਕਈ ਮਾਵਾਂ ਦੇ ਪੁੱਤ ਖੋਹ ਲਏ ਅਤੇ ਘਰਾਂ ਵਿਚ ਸੱਥਰ ਵਿਛਾ ਦਿੱਤੇ। ਕਿੰਨੇ ਹੀ ਘਰ ਨਸ਼ਿਆਂ ਨੇ ਤਬਾਹ ਕਰ ਦਿੱਤੇ ਹਨ। ਮੈਂ ਅਜਿਹੇ ਘਰ ਵੀ ਦੇਖੇ ਹਨ ਜਿੱਥੇ ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਿਰਫ਼ ਇਸ ਲਈ ਸੰਗਲਾਂ ਨਾਲ ਬੰਨ੍ਹ ਰੱਖਿਆ ਹੈ ਤਾਂ ਜੋ ਉਹ ਨਸ਼ੇ ਨਾ ਕਰ ਸਕੇ।
ਅਜਿਹੇ ਨਸ਼ੇੜੀਆਂ ਨੇ ਘਰਾਂ ਦਾ ਸਾਮਾਨ ਵੀ ਨਸ਼ੇ ਦੀ ਭੇਟ ਚੜ੍ਹਾ ਦਿੱਤਾ ਹੁੰਦਾ ਹੈ। ਵਿਹਲਪੁਣਾ ਨਸ਼ਿਆਂ ਨੂੰ ਹੁਲਾਰਾ ਦਿੰਦਾ ਹੈ। ਨੌਜਵਾਨ ਕੰਮਾਂ-ਕਾਰਾਂ ਵਿਚ ਲੱਗਣਗੇ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ।
ਨਸ਼ਾ ਖ਼ਤਮ ਕਰਨ ਲਈ ਨਸ਼ੇ ਦੀ ਸਪਲਾਈ ਤੋੜਨੀ ਬਹੁਤ ਜ਼ਰੂਰੀ ਹੈ। ਜਦੋਂ ਕਿਤੋਂ ਨਸ਼ਾ ਮਿਲੇਗਾ ਹੀ ਨਹੀਂ ਤਾਂ ਕਰੇਗਾ ਕੌਣ? ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਨੇੜੇ ਪੁਲਿਸ ਦਾ ਪਹਿਰਾ ਪੱਕੇ ਤੌਰ ’ਤੇ ਹੋਣਾ ਚਾਹੀਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਨਸ਼ਿਆਂ ਦੇ ਬੁਰੇ ਪੱਖਾਂ ਬਾਰੇ ਦੱਸਣਾ ਚਾਹੀਦਾ ਹੈ। ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
ਪਿੰਡ-ਪਿੰਡ ਵਿਚ ਜਿੰਮ ਖੋਲ੍ਹਣੇ ਚਾਹੀਦੇ ਹਨ। ਜੇਕਰ ਨੌਜਵਾਨੀ ਸਿਹਤਯਾਬ ਹੋਵੇਗੀ ਤਾਂ ਹੀ ਪੰਜਾਬ ਖ਼ੁਸ਼ਹਾਲ ਅਤੇ ਵਿਕਸਤ ਹੋਵੇਗਾ। ਅੱਜ ਦੇ ਸਮੇਂ ਸਾਨੂੰ ਸਭ ਨੂੰ ਨਿੱਜੀ ਪੱਧਰ ’ਤੇ ਵੀ ਨਸ਼ੇ ਦੇ ਕੋਹੜ ਨੂੰ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨੀ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਸਕੂਲਾਂ-ਕਾਲਜਾਂ ਤੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਣੇ ਚਾਹੀਦੇ ਹਨ। ਸੂਬੇ ਦੀ ਬਹੁਪੱਖੀ ਤਰੱਕੀ ਲਈ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨਾ ਬੇਹੱਦ ਜ਼ਰੂਰੀ ਹੈ। ਹੁਣ ਜਦੋਂ ਪੰਜਾਬ ਦੇ ਬਹੁਤ ਸਾਰੇ ਪਿੰਡ ਖ਼ੁਦ ਨੂੰ ਨਸ਼ਾ ਮੁਕਤ ਐਲਾਨ ਰਹੇ ਹਨ ਤਾਂ ਮਨ ਨੂੰ ਤਸੱਲੀ ਹੁੰਦੀ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਲੋਕ ਜਾਗਰੂਕ ਹੋ ਕੇ ਇਸ ਬੁਰਾਈ ਨੂੰ ਜੜ੍ਹੋਂ ਪੁੱਟ ਸੁੱਟਣਗੇ।