ਸੀਬੀਆਈ ਨੇ ਅਨਿਲ ਅੰਬਾਨੀ ਤੇ ਰਾਣਾ ਕਪੂਰ ’ਤੇ 2,796 ਕਰੋੜ ਦੇ ਭ੍ਰਿਸ਼ਟਾਚਾਰ ਮਾਮਲੇ ’ਚ ਦੋਸ਼ ਪੱਤਰ ਕੀਤਾ ਦਾਖਲ

ਨਵੀਂ ਦਿੱਲੀ- ਸੀਬੀਆਈ ਨੇ 2,796 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਮਾਮਲੇ ਵਿਚ ਵੀਰਵਾਰ ਨੂੰ ਅਨਿਲ ਧੀਰੂਭਾਈ ਅੰਬਾਨੀ (ਏਡੀਏ) ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਤੇ ਯੈੱਸ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ। ਆਰੋਪ ਹੈ ਕਿ ਅਨਿਲ ਦੀਆਂ ਗਰੁੱਪ ਕੰਪਨੀਆਂ, ਐੱਫਐੱਲ ਤੇ ਆਰਐੱਚਐੱਫਐੱਲ ਅਤੇ ਯੈੱਸ ਬੈਂਕ ਤੇ ਇਸੇ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਦੇ ਪਰਿਵਾਰ ਦੀਆਂ ਕੰਪਨੀਆਂ ਵਿਚਾਲੇ ਕਥਿਤ ਧੋਖਾਧੜੀ ਵਾਲੇ ਲੈਣ-ਦੇਣ ਨਾਲ ਬੈਂਕ ਨੂੰ 2,796 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਮੁੰਬਈ ਦੀ ਵਿਸ਼ੇਸ਼ ਅਦਾਲਤ ਵਿਚ ਦਾਖ਼ਲ ਕੀਤੇ ਗਏ ਆਪਣੇ ਦੋਸ਼ ਪੱਤਰ ਵਿਚ ਸੀਬੀਆਈ ਨੇ ਕਿਹਾ ਕਿ ਅਨਿਲ ਅੰਬਾਨੀ ਏਡੀਏ ਗਰੁੱਪ ਦੇ ਚੇਅਰਮੈਨ ਅਤੇ ਐੱਫਐੱਲ ਤੇ ਆਰਐੱਚਐੱਫਐੱਲ ਦੀ ਹੋਲਡਿੰਗ ਕੰਪਨੀ ਰਿਲਾਇੰਸ ਕੈਪੀਟਲ ਲਿਮਟਿਡ ਦੇ ਡਾਇਰੈਕਟਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਨਿਲ ਅੰਬਾਨੀ ਤੋਂ ਇਲਾਵਾ ਸੀਬੀਆਈ ਨੇ ਬਿੰਦੂ ਕਪੂਰ, ਰਾਧਾ ਕਪੂਰ, ਰੋਸ਼ਨੀ ਕਪੂਰ, ਐੱਫਐੱਲ, ਆਰਐੱਚਐੱਫਐੱਲ (ਹੁਣ ਆਥਮ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਲਿਮਟਿਡ), ਆਰਏਬੀ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ, ਇਮੇਜਿਨ ਐਸਟੇਟ ਪ੍ਰਾਈਵੇਟ ਲਿਮਟਿਡ, ਬਲਿਸ ਹਾਊਸ ਪ੍ਰਾਈਵੇਟ ਲਿਮਟਿਡ, ਇਮੇਜਿਨ ਹੈਬਿਟੈਟ ਪ੍ਰਾਈਵੇਟ ਲਿਮਟਿਡ, ਇਮੇਜਿਨ ਰੇਜ਼ੀਡੈਂਸ ਪ੍ਰਾਈਵੇਟ ਲਿਮਟਿਡ ਤੇ ਮਾਰਗਨ ਕ੍ਰੈਡਿਟਸ ਪ੍ਰਾਈਵੇਟ ਲਿਮਟਿਡ ’ਤੇ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ 2022 ਵਿਚ ਯੈੱਸ ਬੈਂਕ ਦੇ ਤੱਤਕਾਲੀ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਰਾਣਾ ਕਪੂਰ, ਰਿਲਾਇੰਸ ਕਮਰਸ਼ੀਅਲ ਫਾਇਨੈਂਸ ਲਿਮਟਿਡ (ਆਰਸੀਐੱਫਐੱਲ) ਤੇ ਰਿਲਾਇੰਸ ਹੋਮ ਫਾਇਨੈਂਸ ਲਿਮਟਿਡ (ਆਰਐੱਚਐੱਫਐੱਲ) ਖ਼ਿਲਾਫ਼ ਬੈਂਕ ਦੇ ਮੁੱਖ ਚੌਕਸੀ ਅਧਿਕਾਰੀ ਦੀ ਸ਼ਿਕਾਇਤ ’ਤੇ ਦੋ ਮਾਮਲੇ ਦਰਜ ਕੀਤੇ ਸਨ।