ਨਵੀਂ ਦਿੱਲੀ – ਕਰਮਚਾਰੀ ਚੋਣ ਕਮਿਸ਼ਨ (ਐੱਸਐੱਸਸੀ) ਨੇ ਸਾਂਝੇ ਗ੍ਰੈਜੂਏਸ਼ਨ ਪੱਧਰ ਦੀ ਪ੍ਰੀਖਿਆ (ਸੀਜੀਐੱਲਈ) ਦੌਰਾਨ ਕੁਝ ਕੇਂਦਰਾਂ ’ਤੇ ਉਮੀਦਵਾਰਾਂ ਦਾ ਸਿਸਟਮ ਹੈਕ ਕਰਨ ਦੀਆਂ ਕੋਸ਼ਿਸ਼ਾਂ ਦਾ ਪਤਾ ਲਗਾਇਆ ਹੈ। ਐੱਸਐੱਸਸੀ ਨੇ ਹੈਕਿੰਗ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਦੇਸ਼ ਭਰ ਵਿਚ ਵੱਖ-ਵੱਖ ਕੇਂਦਰਾਂ ’ਤੇ 12 ਸਤੰਬਰ ਤੋਂ ਸ਼ੁਰੂ ਹੋਈ ਸੀਜੀਐੱਲ ਪ੍ਰੀਖਿਆ 26 ਸਤੰਬਰ ਤੱਕ ਚੱਲੇਗੀ।
ਕੰਪਿਊਟਰ ਆਧਾਰਤ ਪ੍ਰੀਖਿਆ ਦੌਰਾਨ ਹਰ ਕੇਂਦਰ ਵਿਚ ਹਰ ਉਮੀਦਵਾਰ ਦੀ ਗਤੀਵਿਧੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਐੱਸਐੱਸਸੀ ਨੂੰ ਡਿਜੀਟਲ ਸੁਰੱਖਿਆ ਪ੍ਰਣਾਲੀ ਰਾਹੀਂ ਪਤਾ ਲੱਗਾ ਹੈ ਕਿ ਕੁਝ ਪ੍ਰੀਖਿਆ ਕੇਂਦਰਾਂ ’ਤੇ ਉਮੀਦਵਾਰਾਂ ਦੇ ਸਿਸਟਮ ’ਤੇ ਕੰਟਰੋਲ ਅਤੇ ਹੈਕਿੰਗ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਮਿਸ਼ਨ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਮਿਸ਼ਨ ਵੱਲੋਂ 17 ਸਤੰਬਰ ਦੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਪ੍ਰੀਖਿਆ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਬੂਤਾਂ ਦੇ ਆਧਾਰ ’ਤੇ ਅਜਿਹੀਆਂ ਬੇਨਿਯਮੀਆਂ ਵਿਚ ਸ਼ਾਮਲ ਉਮੀਦਵਾਰਾਂ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਰੋਕਿਆ ਜਾਵੇਗਾ। ਲੁੜੀਂਦੀ ਅਪਰਾਧਕ ਕਾਰਵਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਪ੍ਰੀਖਿਆ ਕੇਂਦਰਾਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ ਜੋ ਅਜਿਹੀਆਂ ਸਰਗਰਮੀਆਂ ਨੂੰ ਉਤਸ਼ਾਹਤ ਕਰਨ ਵਿਚ ਸ਼ਾਮਲ ਮਿਲਣਗੇ। ਕਮਿਸ਼ਨ ਨੇ ਸਾਰੇ ਉਮੀਦਵਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਬਚਣ। ਐੱਸਐੱਸਸੀ ਵੱਲੋਂ ਕਰਵਾਈ ਗਈ ਸੀਜੀਐੱਲਈ ਦੇਸ਼ ਦੀਆਂ ਵੱਡੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚੋਂ ਇਕ ਹੈ। ਇਸ ਪ੍ਰੀਖਿਆ ਰਾਹੀਂ ਸਰਕਾਰੀ ਵਿਭਾਗਾਂ ਵਿਚ ਵੱਖ-ਵੱਖ ਗਰੁੱਪ ਬੀ ਅਤੇ ਸੀ ਦੇ ਅਹੁਦਿਆਂ ’ਤੇ ਭਰਤੀ ਕੀਤੀ ਜਾਂਦੀ ਹੈ।
ਐੱਸਐੱਸਸੀ ਨੇ ਆਪਣੀ ਵੈੱਬਸਾਈਟ ’ਤੇ ਫੀਡਬੈਕ ਮਾਡਿਊਲ ਲਾਂਚ ਕੀਤਾ ਹੈ। ਇਸ ਰਾਹੀਂ ਉਮੀਦਵਾਰ ਸ਼ਿਕਾਇਤ ਕਰਨ ਦੇ ਨਾਲ-ਨਾਲ ਆਪਣੇ ਸੁਝਾਅ ਵੀ ਦੇ ਸਕਦੇ ਹਨ। ਪ੍ਰਾਪਤ ਸੁਝਾਵਾਂ ਦੇ ਆਧਾਰ ’ਤੇ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਐੱਸਐੱਸਸੀ ਨੇ ਕਿਹਾ ਹੈ ਕਿ ਸੀਜੀਐੱਲਈ ਕੁਝ ਕੇਂਦਰਾਂ ’ਤੇ ਕੁਝ ਤਕਨੀਕੀ ਰੁਕਾਵਟਾਂ ਦੇ ਬਾਵਜੂਦ ਦੇਸ਼ ਭਰ ਵਿਚ ਸੁਚਾਰੂ ਤਰੀਕੇ ਨਾਲ ਕਰਵਾਈ ਜਾ ਰਹੀ ਹੈ।