ਇਮਰਾਨ ਖਾਨ ਨੇ ਪਾਕਿ ਦੇ ਚੀਫ ਜਸਟਿਸ ਨੂੰ ਲਿਖੀ ਹਾਈ ਕੋਰਟ ਵਿਰੁੱਧ ਚਿੱਠੀ

ਇਸਲਾਮਾਬਾਦ –ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚੀਫ ਜਸਟਿਸ ਨੂੰ ਚਿੱਠੀ ਲਿਖ ਕੇ ਹਾਈ ਕੋਰਟ ਵੱਲੋਂ ਕਥਿਤ ਪੱਖਪਾਤ ਕਰਨ ਦੀ ਸ਼ਿਕਾਇਤ ਕੀਤੀ ਹੈ। ਇਹ ਪੱਤਰ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਦ ਮੈਂਬਰ ਲਤੀਫ਼ ਖੋਸਾ ਨੇ ਚੀਫ ਜਸਟਿਸ ਯਾਹੀਆ ਅਫ਼ਰੀਦੀ ਨੂੰ ਸੁਪਰੀਮ ਕੋਰਟ ਵਿਚ ਸੌਂਪਿਆ। ਪੱਤਰ ਵਿਚ ਚੀਫ ਜਸਟਿਸ ਅਫ਼ਰੀਦੀ ਕੋਲੋਂ ਇਸਲਾਮਾਬਾਦ ਹਾਈ ਕੋਰਟ ਨੂੰ ਕੁਝ ਅਹਿਮ ਪਟੀਸ਼ਨਾਂ ਦੀ ਸੁਣਵਾਈ ਲਈ ਸਮਾਂ ਤੈਅ ਕਰਨ ਦੀ ਹਦਾਇਤ ਕਰਨ ਦੀ ਅਪੀਲ ਕੀਤੀ। ਖ਼ਾਨ ਨੇ ਦਾਅਵਾ ਕੀਤਾ ਕਿ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਨ੍ਹਾਂ ਦੇ ਅਲ-ਕਾਦਿਰ ਟਰੱਸਟ ਦੀਆਂ ਪਟੀਸ਼ਨਾਂ ਤੇ ਤੋਸ਼ਾਖ਼ਾਨਾ ਸੋਧ ਪਟੀਸ਼ਨਾਂ ਦੀ ਸੁਣਵਾਈ ਕਰਨ ਤੋਂ ਜਾਣ-ਬੁੱਝ ਕੇ ਨਾਂਹ ਕੀਤੀ ਹੈ। ਖ਼ਾਨ ਨੇ ਦੋਸ਼ ਲਗਾਏ ਹਨ ਕਿ ਹਾਈ ਕੋਰਟ ਦੇ ਚੀਫ ਜਸਟਿਸ ਨੇ ਨਿਰਪੱਖਤਾ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ ਤੇ ਇਸਲਾਮਾਬਾਦ ਹਾਈ ਕੋਰਟ ਨੂੰ ਮੇਰੇ ਤੇ ਮੇਰੇ ਨਾਲ ਜੁੜੇ ਲੋਕਾਂ ਵਿਰੁੱਧ ਅਨਿਆਂਪੂਰਨ ਤੇ ਅੱਤਿਆਚਾਰੀ ਮੁਹਿੰਮ ਦਾ ਸੂਤਰਧਾਰ ਬਣਾ ਦਿੱਤਾ ਹੈ।