ਸੂਬੇ ਭਰ ’ਚ ਸਫ਼ਾਈ ਕਾਮੇ 29 ਤੋਂ ਕਰਨਗੇ ਦੋ ਰੋਜ਼ਾ ਹੜਤਾਲ

ਜਗਰਾਓਂ-ਪੰਜਾਬ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਮੀਟਿੰਗ ਵਿਚ ਸੂਬੇ ਭਰ ਦੇ ਸਫਾਈ ਕਾਮਿਆਂ ਨੇ 29 ਅਤੇ 30 ਸਤੰਬਰ ਨੂੰ ਦੋ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਸੂਬਾ ਪੱਧਰੀ ਮੀਟਿੰਗ ਵਿਚ ਪੁੱਜੇ ਅਹੁਦੇਦਾਰਾਂ ਨੇ ਸਰਕਾਰ ’ਤੇ ਪੰਜਾਬ ਵਿਚ ਕੂੜੇ ਨੂੰ ਡੋਰ ਟੂ ਡੋਰ ਇਕੱਠਾ ਕਰਨ ਦਾ ਕੰਮ ਠੇਕੇ ’ਤੇ ਦੇਣ ਸਮੇਤ ਹੋਰਾਂ ਮੰਗਾਂ ਨੂੰ ਅਣਦੇਖਿਆ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਦੋ ਰੋਜ਼ਾ ਹੜਤਾਲ ਨੂੰ ਸੰਘਰਸ਼ ਦਾ ਟਰੇਲਰ ਦੱਸਿਆ। ਸਰਕਾਰ ਫਿਰ ਵੀ ਨਾ ਮੰਨੀ ਤਾਂ ਪੰਜਾਬ ਭਰ ਵਿਚ ਤਿੱਖੇ ਸੰਘਰਸ਼ ਰਾਹੀਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਲਿਆ।

ਮੀਟਿੰਗ ਵਿੱਚ ਸੂਬੇ ਭਰ ਤੋਂ ਸਫਾਈ ਸੇਵਕ ਯੂਨੀਅਨ ਦੇ ਪੁੱਜੇ ਅਹੁਦੇਦਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਸ਼ੋਕ ਸਾਰਵਾਨ ਅਤੇ ਜਨਰਲ ਸਕੱਤਰ ਰਮੇਸ਼ ਚੰਦ ਨੇ ਪੰਜਾਬ ਸਰਕਾਰ ’ਤੇ ਸਫਾਈ ਕਾਮਿਆਂ ਦੇ ਹੱਕਾਂ ’ਤੇ ਡਾਕਾ ਮਾਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕੂੜੇ ਨੂੰ ਡੋਰ ਟੂ ਡੋਰ ਇਕੱਠਾ ਕਰਨ ਅਤੇ ਇਸ ਕੰਮ ਨੂੰ ਠੇਕੇ ’ਤੇ ਦੇ ਕੇ ਸਫਾਈ ਕਰਮਚਾਰੀਆਂ ਦਾ ਟੇਢੇ ਢੰਗ ਨਾਲ ਡਬਲ ਨੁਕਸਾਨ ਕਰਨ ਦੇ ਨਾਲ-ਨਾਲ 10 ਸਾਲਾਂ ਦੀ ਪਾਲਿਸੀ ਰੱਦ ਕਰਨਾ ਸਫਾਈ ਕਾਮਿਆਂ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਵੱਡਾ ਸਬੂਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਫਾਈ ਕਾਮਿਆਂ ਦੀਆਂ ਅਨੇਕਾਂ ਮੰਗਾਂ ਸਰਕਾਰੇ ਦਰਬਾਰੇ ਫਾਈਲਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਜਦੋਂ ਵੀ ਆਵਾਜ਼ ਚੁੱਕੀ ਜਾਂਦੀ ਹੈ ਤਾਂ ਭਰੋਸਿਆਂ ਅਤੇ ਲਾਅਰਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਹੱਕੀ ਮੰਗਾਂ ਲਈ ਸੂਬੇ ਭਰ ਦੇ ਕਾਮੇ ਸੜਕਾਂ ’ਤੇ ਆਉਣਗੇ ਜਿਸ ਦੇ ਰੋਸ ਵਜੋਂ ਪਹਿਲਾਂ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ 29-30 ਸਤੰਬਰ ਨੂੰ ਪੂਰੇ ਪੰਜਾਬ ਮੁਕੰਮਲ ਤੌਰ ’ਤੇ ਕੰਮ ਬੰਦ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਫਿਰ ਵੀ ਮੰਗਾਂ ਉੱਪਰ ਗੌਰ ਨਾ ਕੀਤਾ ਤਾਂ ਅੱਗੇ ਰਣਨੀਤੀ ਤਿਆਰ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ, ਸੂਬਾਈ ਸਲਾਹਕਾਰ ਕੁਲਦੀਪ ਸ਼ਰਮਾ, ਫਤਿਹ ਚੰਦ, ਕੁਲਦੀਪ ਕਾਂਗੜਾ, ਸ਼ੋਭਰਾਜ, ਸੋਮਨਾਥ ਚੋਬੜ, ਹੰਸ ਰਾਜ ਬਨਵਾੜੀ, ਮਨੀਸ਼ ਗਿੱਲ, ਭਾਰਤ ਬੇਦੀ, ਗੁਲਸ਼ਨ ਕੁਮਾਰ, ਨੰਦ ਲਾਲ, ਕੁਲਦੀਪ ਸਿੰਘ, ਰਾਜਿੰਦਰ ਗਾਗਟ ਆਦਿ ਹਾਜ਼ਰ ਸਨ।