ਹਿਮਾਚਲ ਵਿੱਚ ਭਾਰੀ ਮੀਂਹ, ਸਕੂਲਾਂ ਵਿੱਚ ਕੀਤੀਆਂ ਛੁੱਟੀਆਂ

ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਚੰਡੀਗੜ੍ਹ-ਮਨਾਲੀ ਅਤੇ ਪਠਾਨਕੋਟ-ਕਾਂਗੜਾ NH ਸਮੇਤ 500 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਭਾਰੀ ਬਾਰਿਸ਼ ਦੇ ਮੱਦੇਨਜ਼ਰ, ਮੰਡੀ ਜ਼ਿਲ੍ਹੇ ਦੇ ਕਾਰਸੋਗ ਸਬ ਡਿਵੀਜ਼ਨ, ਕੁਮਾਰਸੈਨ, ਸ਼ਿਮਲਾ ਵਿੱਚ ਥਿਓਗ, ਕੁੱਲੂ ਵਿੱਚ ਨਿਰਮੰਡ ਅਤੇ ਚੈਲਸੀ, ਸ਼ਿਮਲਾ ਸ਼ਹਿਰ ਵਿੱਚ ਸੈਕਰਡ ਹਰਡ ਕਾਨਵੈਂਟ ਅਤੇ ਸੇਂਟ ਐਡਵਰਡ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਦੌਰਾਨ, ਮੌਸਮ ਵਿਭਾਗ ਨੇ ਸਵੇਰੇ 10 ਵਜੇ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ, ਬਿਲਾਸਪੁਰ, ਸੋਲਨ, ਸ਼ਿਮਲਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਵਾਰ ਭਾਰੀ ਮੀਂਹ ਪੈ ਸਕਦਾ ਹੈ। ਚੰਬਾ, ਕਾਂਗੜਾ, ਹਮੀਰਪੁਰ, ਊਨਾ, ਲਾਹੌਲ ਸਪਿਤੀ, ਕੁੱਲੂ ਅਤੇ ਕਿਨੌਰ ਵਿੱਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਪਹਾੜਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਸਤਲੁਜ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਰਾਮਪੁਰ ਵਿੱਚ, ਸਤਲੁਜ ਦਾ ਪਾਣੀ ਬੀਤੀ ਰਾਤ ਜਗਤਖਾਨਾ ਪੁਲ ਤੱਕ ਪਹੁੰਚ ਗਿਆ।