ਨਵੀਂ ਦਿੱਲੀ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਮਨੀ ਲਾਂਡ੍ਰਿੰਗ ਮਾਮਲੇ ਵਿਚ ਦਿੱਲੀ ਹਾਈ ਕੋਰਟ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਹਾਈ ਕੋਰਟ ਨੇ ਅਦਾਕਾਰਾ ਜੈਕਲੀਨ ਵਿਰੁੱਧ ਮਨੀ ਲਾਂਡ੍ਰਿੰਗ ਦੇ ਮਾਮਲੇ ਨੂੰ ਰੱਦ ਕਰਨ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਸਰਬਉੱਚ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਸੂਚੀ ਮੁਤਾਬਕ ਇਸ ਮਾਮਲੇ ਦੀ ਸੁਣਵਾਈ 22 ਸਤੰਬਰ ਨੂੰ ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਏਜੀ ਮਸੀਹ ਦਾ ਬੈਂਚ ਕਰ ਸਕਦਾ ਹੈ।
ਮਨੀ ਲਾਂਡ੍ਰਿੰਗ ਦਾ ਇਹ ਮਾਮਲਾ ਠੱਗ ਸੁਕੇਸ਼ ਚੰਦਰ ਸ਼ੇਖਰ ਨਾਲ ਸਬੰਧਤ ਹੈ।• ਇਸ ਸਬੰਧ ਵਿਚ ਇਲਜ਼ਾਮ ਹਨ ਕਿ ਜੈਕਲੀਨ ਨੇ ਸੁਕੇਸ਼ ਤੋਂ ਮਹਿੰਗੇ ਤੋਹਫ਼ੇ ਤੇ ਵਿੱਤੀ ਲਾਭ ਪ੍ਰਾਪਤ ਕੀਤੇ। ਈਡੀ ਦਾ ਦਾਅਵਾ ਹੈ ਕਿ ਜੈਕਲੀਨ ਨਾਲ ਜੁੜੀਆਂ 7 ਕਰੋੜ 2 ਲੱਖ ਰੁਪਏ ਦੀਆਂ ਜਾਇਦਾਦਾਂ ਦਾ ਵਸੀਲਾ ਅਪਰਾਧ ਤੋਂ ਆਈ ਆਮਦਨ ਹੈ। ਹਾਈ ਕੋਰਟ ਵਿਚ ਆਪਣੀ ਪਟੀਸ਼ਨ ਵਿਚ ਜੈਕਲੀਨ ਨੇ ਕਿਹਾ ਸੀ ਕਿ ਉਸ ਨੂੰ ਗ਼ਲਤ ਫਸਾਇਆ ਜਾ ਰਿਹਾ ਹੈ ਤੇ ਉਸ ’ਤੇ ਮਨੀ ਲਾਂਡ੍ਰਿੰਗ ਨਿਵਾਰਣ ਕਾਨੂੰਨ ਤਹਿਤ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਹਾਲਾਂਕਿ ਹਾਈ ਕੋਰਟ ਨੇ ਇਸ ਮਾਮਲੇ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਫ਼ੈਸਲੇ ਮਗਰੋਂ ਅਦਾਕਾਰਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।