ਪਾਕਿਸਤਾਨ ਦੀ ਅਦਾਲਤ ਨੇ ਨਾਬਾਲਗ ਨੂੰ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ’ਤੇ 100 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ,

ਲਾਹੌਰ –ਪਾਕਿਸਤਾਨ ਦੀ ਅਦਾਲਤ ਨੇ ਬੁੱਧਵਾਰ ਨੂੰ ਇਕ ਨਾਬਾਲਗ ਨੂੰ ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰਨ ਦੇ ਮਾਮਲੇ ’ਚ 100 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਉਸਨੇ 2022 ’ਚ ਆਨਲਾਈਨ ਪਬਜੀ ਗੇਮ ਖੇਡਣ ਨੂੰ ਲੈ ਕੇ ਆਪਣੀ ਮਾਂ, ਇਕ ਭਰਾ ਤੇ ਦੋ ਭੈਣਾਂ ਦੀ ਹੱਤਿਆ ਕਰ ਦਿੱਤੀ ਸੀ। ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਦੇ ਵਧੀਕ ਸੈਸ਼ਨ ਜੱਜ ਰਿਆਦ ਅਹਿਮਦ ਨੇ 17 ਸਾਲਾ ਜੈਨ ਅਲੀ ਨੂੰ ਚਾਰ ਮਾਮਲਿਆਂ ’ਚ 100 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਤੇ ਉਸਦੇ ਅਪਰਾਧ ਲਈ 40 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ। ਉਸ ਨੂੰ ਹਰੇਕ ਮਾਮਲੇ ’ਚ 25-25 ਸਾਲ ਦੀ ਸਜ਼ਾ ਕੱਟਣੀ ਹੋਵੇਗੀ। ਲਾਹੌਰ ਦੀ ਸੰਘਣੀ ਆਬਾਦੀ ਵਾਲੇ ਕਾਹਨਾ ਇਲਾਕੇ ਦਾ ਨਿਵਾਸੀ ਅਲੀ ਬਹੁਤ ਜ਼ਿਆਦਾ ਪਬਜੀ ਗੇਮ ਖੇਡਦਾ ਸੀ। ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਕਮਰੇ ’ਚ ਆਨਲਾਈਨ ਗੇਮ ਖੇਡਣ ’ਚ ਬਿਤਾਉਂਦਾ ਸੀ। ਅਕਸਰ ਉਸਦੀ ਮਾਂ ਇਸ ਨੂੰ ਲੈ ਕੇ ਉਸ ਨੂੰ ਝਿੜਕਦੀ ਸੀ। ਗੇਮ ’ਚ ਦਿੱਤੇ ਗਏ ਟੀਚੇ ਹਾਸਲ ਨਾ ਕਰ ਸਕਣ ’ਤੇ ਉਹ ਅਕਸਰ ਹਮਲਾਵਰ ਹੋ ਜਾਂਦਾ ਸੀ। 2022 ’ਚ ਘਟਨਾ ਵਾਲੇ ਦਿਨ ਵੀ ਗੇਮ ਖੇਡਣ ’ਤੇ ਉਸਦੀ ਮਾਂ ਨੇ ਝਿੜਕਿਆ, ਜਿਸ ’ਤੇ ਉਸਨੇ ਆਪਣੀ ਮਾਂ ਦੀ ਪਿਸਤੌਲ ਲਈ ਤੇ ਸਾਰਿਆਂ ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸਮੇਂ ਉਹ 14 ਸਾਲ ਦਾ ਸੀ।