ਚੰਡੀਗੜ੍ਹ –ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਵੋਟ ਚੋਰ ਮੁਹਿੰਮ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਪੰਜਾਬ ’ਚ ਵੋਟ ਚੋਰੀ ਦੇ ਖਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰੇਗੀ। ਜਾਣਕਾਰੀ ਅਨੁਸਾਰ ਆਪ ਹਾਈ ਕਮਾਨ ਨੇ ਪਿਛਲੇ ਦਿਨੀਂ ਲੁਧਿਆਣਾ ਵਿਖੇ ਵਿਸ਼ੇਸ਼ ਕੈਂਪ ਦੌਰਾਨ ਹਰੇਕ ਜ਼ਿਲ੍ਹੇ, ਵਿਧਾਨ ਸਭਾ ਹਲਕੇ ਤੋਂ ਤਿੰਨ-ਤਿੰਨ ਵਲੰਟੀਅਰਜ਼ ਤੇ ਆਗੂਆਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਆਗੂ, ਵਲੰਟਰੀਅਰਜ਼ ਹੁਣ ਅਗਲੇ ਦਿਨਾਂ ਵਿਚ ਬਲਾਕ, ਜ਼ਿਲ੍ਹਾ ਪੱਧਰ ’ਤੇ ਬਾਕੀ ਵਲੰਟੀਅਰਜ਼ ਨੂੰ ਟ੍ਰੇਨਿੰਗ ਦੇਣਗੇ। ਇਸ ਸਾਰੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਇਕ ਕੈਬਨਿਟ ਮੰਤਰੀ ਨੂੰ ਦਿੱਤੀ ਗਈ ਹੈ, ਜਿਹੜਾ ਅਤੀਤ ਵਿਚ ਸਿਆਸੀ ਤੌਰ ’ਤੇ ਕੇਡਰ ਕੈਂਪ ਲਗਾਉਂਦਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਉਕਤ ਕੈਬਨਿਟ ਮੰਤਰੀ ਨੂੰ ਟ੍ਰੇਨਿੰਗ ਕੈਂਪ ਲਗਾਉਣ, ਵਰਕਰਾਂ, ਵੰਲਟੀਅਰਜ਼ ਨੂੰ ਪ੍ਰੋਗਰਾਮ ਦੌਰਾਨ ਟ੍ਰੇਨਿੰਗ ਦੇਣ ਬਾਰੇ ਪ੍ਰੋਗਾਰਮ ਉਲੀਕਣ ਦਾ ਚੰਗਾ ਇਲਮ ਹੈ।
ਵਰਨਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਹਾਰ ਜਾਣ ਬਾਅਦ ਆਪ ਦੀ ਲੀਡਰਸ਼ਿਪ ਨੇ ਕੇਂਦਰ ਸਰਕਾਰ ਦੇ ਦਬਾਅ ਹੇਠ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਆਪ ਪੱਖੀ ਵੋਟਾਂ ਕੱਟਣ ਦਾ ਦੋਸ਼ ਲਾਇਆ ਸੀ। ਹਾਲਾਂਕਿ ਆਪ ਲੀਡਰਸ਼ਿਪ ਨੇ ਇਸ ਮੁੱਦੇ ਨੂੰ ਦਿੱਲੀ ’ਚ ਉਭਾਰਨ ਦਾ ਯਤਨ ਕੀਤਾ ਸੀ ਪਰ ਪਾਰਟੀ ਨੂੰ ਉਸ ਪੱਧਰ ’ਤੇ ਕਾਮਯਾਬੀ ਨਾ ਮਿਲ ਸਕੀ। ਹੁਣ ਜਦੋਂ ਕਾਂਗਰਸ ਪਾਰਟੀ ਖਾਸ ਕਰ ਕੇ ਰਾਹੁਲ ਗਾਂਧੀ ਨੇ ਜਿਸ ਢੰਗ ਨਾਲ ਵੋਟ ਚੋਰੀ ਦੀ ਮੁਹਿੰਮ ਸ਼ੁਰੂ ਕੀਤੀ ਹੈ, ਉਸ ਨਾਲ ਕਾਂਗਰਸ ਨੂੰ ਦੇਸ਼ ਪੱਧਰ ’ਤੇ ਚੰਗਾ ਰਿਸਪਾਂਸ ਮਿਲ ਰਿਹਾ ਹੈ। ਚੋਣ ਕਮਿਸ਼ਨ ਦੀ ਵੋਟਾਂ ਦੇ ਮਾਮਲੇ ਵਿਚ ਚੰਗੀ ਕਿਰਕਰੀ ਹੋ ਰਹੀ ਹੈ। ਪਤਾ ਲੱਗਿਆ ਹੈ ਕਿ ਆਪ ਹਾਈ ਕਮਾਨ ਨੇ ਕਾਂਗਰਸ ਦੀ ਮੁਹਿੰਮ ਨੂੰ ਦੇਖਦੇ ਹੋਏ ਇਸ ਮੁਹਿੰਮ ਵਿਚ ਕੁੱਦਣ ਯਾਨੀ ਆਪਣੇ ਪੱਧਰ ’ਤੇ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਦੇ ਜ਼ਰੀਏ ਆਪ ਦੀ ਸਿਆਸੀ ਸਰਗਰਮੀ ਵੀ ਸ਼ੁਰੂ ਹੋਵੇਗੀ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਭਾਵੇਂ ਕਰੀਬ ਡੇਢ ਸਾਲ ਦਾ ਸਮਾਂ ਪਿਆ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਜਿਸ ਢੰਗ ਨਾਲ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਉਸ ਨਾਲ ਹੁਕਮਰਾਨ ਧਿਰ ਨੂੰ ਖਦਸ਼ਾ ਹੈ ਕਿ ਦਿੱਲੀ ਦੀ ਤਰਜ਼ ’ਤੇ ਕੇਂਦਰ ਸਰਕਾਰ ਪੰਜਾਬ ’ਚ ਵੋਟਾਂ ਕੱਟ ਸਕਦੀ ਹੈ ਜਾਂ ਫਿਰ ਉਨ੍ਹਾਂ ਲੋਕਾਂ ਦੀਆਂ ਨਵੀਆਂ ਵੋਟਾਂ ਬਣਾਈਆਂ ਜਾ ਸਕਦੀਆਂ ਹਨ, ਜਿਹੜੇ ਪੰਜਾਬ ਦੇ ਵਸਨੀਕ ਨਹੀਂ ਹਨ।
ਪਤਾ ਲੱਗਿਆ ਹੈ ਕਿ ਜਿਹੜੇ ਆਪ ਆਗੂਆਂ ਜਾਂ ਵਲੰਟਰੀਅਜ਼ ਨੂੰ ਟ੍ਰੇਨਿੰਗ ਦਿੱਤੀ ਹੈ, ਉਹ ਹੁਣ ਅੱਗੇ ਵਲੰਟੀਅਰਜ਼ ਨੂੰ ਵੋਟਰ ਲਿਸਟਾਂ ਨੂੰ ਖੰਗਾਲਣ, ਵੋਟਰਾਂ ਦੀ ਪਹਿਚਾਣ, ਵੋਟਰ ਦਾ ਪਿਛੋਕੜ ਸਮੇਤ ਪੂਰੀ ਜਾਣਕਾਰੀ ਹਾਸਲ ਕਰਨਗੇ।
ਵੋਟਰ ਲਿਸਟਾਂ ਦੀ ਸੁਧਾਈ ਅਤੇ ਅੰਤਮ ਵੋਟਰ ਲਿਸਟ ਤਿਆਰ ਹੋਣ ਤੱਕ ਪੂਰੀ ਨਿਗਰਾਨੀ ਰੱਖੀ ਜਾਵੇਗੀ। ਆਪ ਦੇ ਇਕ ਸੀਨੀਅਰ ਆਗੂ ਨੇ ਪਾਰਟੀ ਵੱਲੋਂ ਅਗਲੇ ਦਿਨਾਂ ਵਿਚ ਮੁਹਿੰਮ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ।