ਲੁਧਿਆਣਾ- ਸ਼ੁੱਕਰਵਾਰ ਨੂੰ ‘ਜਿਨਸਾਂ ਤੋਂ ਉਤਪਾਦਨ ਬਣਾਈਏ ਖੇਤੀ ਮੁਨਾਫਾ ਹੋਰ ਵਧਾਈਏ’ ਦੇ ਉਦੇਸ਼ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਆਰੰਭ ਹੋ ਗਿਆ। ਕਿਸਾਨ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਕੀਤਾ ਗਿਆ। ਕਿਸਾਨ ਮੇਲੇ ਦੇ ਪਹਿਲੇ ਦਿਨ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਵੱਲੋਂ ਪੰਜ ਅਗਾਂਹਵਧੂ ਕਿਸਾਨਾਂ ਨੂੰ ਵੱਖ ਵੱਖ ਪੁਰਸਕਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖਸੀਅਤਾਂ ਬਾਰੇ ਪਰਚਾ ਅਪਰ ਨਿਰਦੇਸ਼ਕ ਸੰਚਾਰ ਡਾ.ਤੇਜਿੰਦਰ ਸਿੰਘ ਰਿਆੜ ਨੇ ਪੜ੍ਹਿਆ। ਜ਼ਿਲ੍ਹਾ ਪਟਿਆਲਾ ਦੀ ਗੁਰਪ੍ਰੀਤ ਕੌਰ ਨੂੰ ਮਿਲੇ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਬਾਰੇ ਪਰਚਾ ਪੜ੍ਹਦੇ ਹੋਏ ਡਾ.ਰਿਆੜ ਨੇ ਦੱਸਿਆ ਕਿ ਆਰਥਿਕ ਪੱਖੋਂ ਸਵੈ-ਨਿਰਭਰਤਾ ਹਾਸਲ ਕਰਨ ਅਤੇ ਪਰਿਵਾਰ ਦੀ ਖੇਤੀ ਆਮਦਨ ਨੂੰ ਵਧਉਣ ਦੇ ਸੁਪਨੇ ਸੰਜੋਅ ਕੇ ਗੁਰਪ੍ਰੀਤ ਕੌਰ ਨੇ ਪਰਿਵਾਰਕ ਮੈਂਬਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਖ਼ਤ ਮਿਹਨਤ ਕੀਤੀ। ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨ ਵਾਲੀ ਗੁਰਪ੍ਰੀਤ ਕੌਰ ਅੱਜ ਨਾ ਕੇਵਲ ਕਈ ਤਰ੍ਹਾਂ ਦੇ ਗੁਣਵੱਤਾ ਭਰਪੂਰ ਸਕੂਐਸ਼, ਚਟਨੀਆਂ, ਮੁਰੱਬੇ ਅਤੇ ਮਸਾਲੇ ਆਦਿ ਤਿਆਰ ਕਰਕੇ ਚੰਗਾ ਨਾਮਣਾ ਖੱਟ ਰਹੀ ਹੈ, ਸਗੋਂ ਅੰਗੂਰ, ਗੰਨਾ, ਸੇਬ, ਅਤੇ ਜਾਮੁਣ ਦੇ ਰਸ ਤੋਂ ਸਿਹਤ ਵਰਧਕ ਸਿਰਕੇ ਦੇ ਉਤਪਾਦਨ ਰਾਹੀਂ ਚੋਖਾ ਮੁਨਾਫ਼ਾ ਵੀ ਕਮਾ ਰਹੀ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸਾਨ ਮਨਪ੍ਰੀਤ ਸਿੰਘ ਨੂੰ ਭੇਟ ਕੀਤੇ ਗਏ ਪ੍ਰਵਾਸੀ ਭਾਰਤੀ ਪੁਰਸਕਾਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ, ਭੂੰਗਾ ਵਿਖੇ ਭੂੰਗਾ ਆਇਲ ਫੈਡ ਸੀਡ ਉਤਪਾਦਨ ਕੰਪਨੀ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਿਹਾ ਹੈ । ਸਿੰਚਾਈ ਵਾਲੇ ਪਾਣੀ ਦੀ ਸਾਂਭ-ਸੰਭਾਲ ਲਈ ਮਨਪ੍ਰੀਤ ਸਿੰਘ 6 ਏਕੜ ਵਿੱਚ ਰੇਨ ਗੰਨ ਦੀ ਵਰਤੋਂ ਕਰਦਾ ਹੈ। ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਬਾਸਮਤੀ ਅਤੇ ਖੇਤੀ ਜੰਗਲਾਤ ਜਿਵੇਂ ਕਿ ਪਾਪੂਲਰ, ਸਫੈਦੇ ਤੋਂ ਇਲਾਵਾ ਅੰਤਰ ਫਸਲਾਂ ਸ਼ਾਮਲ ਕਰਕੇ ਮਨਪ੍ਰੀਤ ਸਿੰਘ ਨੇ ਆਪਣਾ ਅਲੱਗ ਮੁਕਾਮ ਬਣਾਇਆ ਹੈ।
ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਨਿਵਾਜ਼ੇ ਗਏ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਸੁਖਤਾਰ ਸਿੰਘ ਸਬੰਧੀ ਪਰਚਾ ਪੜ੍ਹਦੇ ਹੋਏ ਰਿਆੜ ਨੇ ਦੱਸਿਆ ਕਿ ਇਸ ਉੱਦਮੀ ਕਿਸਾਨ ਨੇ ਬੱਕਰੀ ਪਾਲਣ, ਗੰਡੋਇਆਂ ਦੀ ਖਾਦ, ਜੈਵਿਕ ਖੇਤੀ ਅਤੇ ਸੰਯੁਕਤ ਖੇਤੀ ਪ੍ਰਣਾਲੀ, ਡੇਅਰੀ ਫਾਰਮਿੰਗ, ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ, ਸੂਰ ਪਾਲਣ ਆਦਿ ਦੀਆਂ ਸਿਖਲਾਈਆਂ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਆਈਸੀਏਆਰ ਦੇ ਵੱਖ-ਵੱਖ ਅਦਾਰਿਆਂ ਤੋਂ ਪ੍ਰਾਪਤ ਕੀਤੀਆਂ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਸੰਜੀਵ ਕੁਮਾਰ ਹਿੱਸੇ ਆਏ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਸਬੰਧੀ ਰਿਆੜ ਨੇ ਕਿਹਾ ਕਿ ਆਪਣੀ ਕੁੱਲ ਵਾਹੀਯੋਗ 21 ਕਨਾਲ ਜ਼ਮੀਨ ਉੱਪਰ ਉਨਾਂ ਬਹੁਭਾਂਤੀ ਖੇਤੀ ਅਤੇ ਸਹਾਇਕ ਕਿੱਤੇ ਅਪਣਾ ਕੇ ਆਪਣੀ ਪਰਿਵਾਰ ਦੀ ਆਮਦਨ ਵਿੱਚ ਚੋਖਾ ਮੁਨਾਫ਼ਾ ਕੀਤਾ ਹੈ। ਸੰਜੀਵ ਕੁਮਾਰ ਕਾਹੋਲ ਤਿੰਨ ਕਨਾਲ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਨਾਲ ਹੀ ਉਨ੍ਹਾਂ ਚਾਰ ਕਨਾਲ ਰਕਬੇ ਵਿੱਚ ਫਲਾਂ ਦੀ ਬਗੀਚੀ ਵੀ ਲਾਈ ਹੋਈ ਹੈ।
ਜ਼ਿਲ੍ਹਾ ਤਰਨਤਾਰਨ ਦੇ ਚਾਨਣ ਸਿੰਘ ਦਾ ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨ ਕਰਨ ਸਬੰਧੀ ਉਨ੍ਹਾਂ ਦੱਸਿਆ ਕਿ ਉਸ ਨੇ ਅਨਾਜ ਅਤੇ ਸਬਜ਼ੀਆਂ ਦੀ ਫ਼ਸਲ-ਪ੍ਰਣਾਲੀ ਅਪਣਾਈ ਹੋਈ ਹੈ। ਹਾੜ੍ਹੀ ਵਿਚ ਉਹ ਕਣਕ ਦੇ ਨਾਲ ਸ਼ਲਗਮ ਅਤੇ ਗਾਜਰ ਬੀਜਦਾ ਹੈ ਅਤੇ ਸਾਉਣੀ ਵਿਚ ਝੋਨੇ ਨਾਲ ਕਰੇਲੇ, ਟੀਂਡੇ, ਭਿੰਡੀ, ਹਦਵਾਣਾ ਬੀਜਦਾ ਹੈ।
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਪੀਏਯੂ ਦਾ ਸਹਿਯੋਗ ਕਰਨ ਲਈ ਵਚਨਵੱਧ ਹੈ ਜਦ ਕਿ ਕੇਂਦਰ ਸਰਕਾਰ ਪੀਏਯੂ ਦੀ ਕੋਈ ਮਦਦ ਨਹੀਂ ਕਰ ਰਹੀ। ਨਵੀਆਂ ਖੋਜਾਂ ਲਈ ਕੇਂਦਰ ਸਰਕਾਰ ਨੂੰ ਪੀਏਯੂ ਦੀ ਮਦਦ ਕਰਨੀ ਚਾਹੀਦੀ ਹੈ। ਬਰਸਟ ਨੇ ਸਾਫ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਹੜ੍ਹਾਂ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਕੇਂਦਰ ਵੱਲੋਂ ਕੇਵਲ 1600 ਕਰੋੜ ਦਾ ਪੈਕੇਜ ਜਾਰੀ ਕਰਨਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਜੀਐਸਟੀ ਸਮੇਤ ਪੰਜਾਬ ਦਾ ਕਰੋੜਾਂ ਰੁਪਿਆ ਰੋਕ ਰੱਖਿਆ ਹੈ ਜੋ ਜਾਰੀ ਕਰਨਾ ਚਾਹੀਦਾ ਹੈ।