ਬੈਂਗਲੁਰੂ – ਕਰਨਾਟਕ ਵਿਚ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਲੰਦ ਵਿਧਾਨ ਸਭਾ ਖੇਤਰ ਵਿਚ ਕਥਿਤ ‘ਵੋਟ ਚੋਰੀ’ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਪਤਾ ਲਗਾਇਆ ਹੈ ਕਿ ਵੋਟਰ ਸੂਚੀ ਤੋਂ ਨਾਂ ਕੱਟਣ ਦੇ ਯਤਨ ਕੀਤੇ ਗਏ ਸਨ ਅਤੇ ਇਸ ਘੁਟਾਲੇ ਵਿਚ ਸ਼ਾਮਲ ਘੱਟੋ-ਘੱਟ ਛੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਸੀਆਈਡੀ ਦੇ ਉੱਚ ਸੂਤਰਾਂ ਨੇ ਦੱਸਿਆ ਕਿ ਹਰ ਕੱਟੇ ਗਏ ਨਾਂ ਲਈ ਸ਼ੱਕੀ ਵਿਅਕਤੀਆਂ ਨੂੰ 80 ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। 6,994 ਨਾਂ ਕੱਟਣ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਪਰ ਕੁਝ ਅਸਲੀ ਮਾਮਲਿਆਂ ਨੂੰ ਛੱਡ ਕੇ ਹੋਰ ਅਰਜ਼ੀਆਂ ਫ਼ਰਜ਼ੀ ਸਨ। ਕਾਂਗਰਸ ਨੇ ਦੱਸਿਆ ਕਿ 6,018 ਅਰਜ਼ੀਆਂ ਫ਼ਰਜ਼ੀ ਸਨ, ਜਿਸ ਲਈ ਕੁੱਲ 4.8 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਇਹ ਫ਼ਰਜ਼ੀ ਅਰਜ਼ੀਆਂ ਕਲਬੁਰਗੀ ਸਥਿਤ ਇਕ ਡਾਟਾ ਆਪਰੇਟਿੰਗ ਸੈਂਟਰ ਤੋਂ ਭੇਜੀਆਂ ਜਾ ਰਹੀਆਂ ਸਨ।
ਆਲੰਦ ਉੱਤਰੀ ਕਰਨਾਟਕ ਦੇ ਕਲਬੁਰਗੀ ਵਿਚ ਹੈ ਜੋ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਜੱਦੀ ਜ਼ਿਲ੍ਹਾ ਹੈ ਅਤੇ ਸੀਨੀਅਰ ਕਾਂਗਰਸ ਵਿਧਾਇਕ ਬੀ.ਆਰ. ਪਾਟਿਲ ਇਸ ਸੀਟ ਦੀ ਨੁਮਾਇੰਦਗੀ ਕਰਦੇ ਹਨ। ਪਾਟਿਲ ਅਤੇ ਖੜਗੇ ਦੇ ਮੰਤਰੀ ਪੁੱਤਰ ਪ੍ਰਿਯਾਂਕ ਖੜਗੇ ਨੇ ਕਥਿਤ ਤੌਰ ’ਤੇ ਵੋਟ ਕੱਟਣ ਦੇ ਯਤਨਾਂ ਦਾ ਪਰਦਾਫਾਸ਼ ਕੀਤਾ ਸੀ ਅਤੇ ਕਰਨਾਟਕ ਦੇ ਮੁੱਖ ਚੋਣ ਕਮਿਸ਼ਨਰ (ਸੀਈਓ) ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਪਾਟਿਲ ਮੁਤਾਬਕ, ਦਲਿਤਾਂ ਅਤੇ ਘੱਟਗਿਣਤੀਆਂ ਦੀਆਂ 6,994 ‘ਕਾਂਗਰਸੀ ਵੋਟਾਂ’ ਕੱਟਣ ਦੀਆਂ ਅਰਜ਼ੀਆਂ ਦਿੱਤੀਆਂ ਗਈਆਂ ਸਨ। ਸੀਈਓ ਵੱਲੋਂ ਯਥਾਸਥਿਤੀ ਦੇ ਹੁਕਮ ’ਤੇ ਵੋਟ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਸੀ। ਹਾਲ ਹੀ ਵਿਚ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਆਲੰਦ ਦੀ ਉਦਾਹਰਨ ਦੇ ਕੇ ‘ਵੋਟ ਚੋਰੀ’ ਬਾਰੇ ਵਿਸਥਾਰ ਨਾਲ ਦੱਸਿਆ ਸੀ। ਪਾਟਿਲ ਨੇ ਕਿਹਾ ਕਿ ਜੇ ਇਹ ਨਾਂ ਕੱਟੇ ਜਾਂਦੇ ਤਾਂ ਉਹ ਯਕੀਨੀ ਤੌਰ ’ਤੇ ਚੋਣ ਹਾਰ ਜਾਂਦੇ। ਉਨ੍ਹਾਂ ਨੇ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਨੇੜਲੇ ਵਿਰੋਧੀ ਸੁਭਾਸ਼ ਗੁੱਟੇਦਾਰ (ਭਾਜਪਾ) ਤੋਂ ਲਗਪਗ 10,000 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਰਨਾਟਕ ਸਰਕਾਰ ਨੇ ਦੋਸ਼ਾਂ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਸੀ, ਜਿਸ ਦੀ ਅਗਵਾਈ ਸੀਆਈਡੀ ਵਿਚ ਏਡੀਜੀਪੀ ਬੀਕੇ ਸਿੰਘ ਕਰ ਰਹੇ ਹਨ। ਸੀਆਈਡੀ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਐੱਸਆਈਟੀ ਨੇ ਸ਼ੱਕੀ ਵਿਅਕਤੀਆਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ ਮਾਰੇ। ਉਨ੍ਹਾਂ ਸੁਭਾਸ਼ ਗੁੱਟੇਦਾਰ, ਉਨ੍ਹਾਂ ਦੇ ਪੁੱਤਰ ਹਰਸ਼ਾਨੰਦ ਤੇ ਸੰਤੋਸ਼ ਗੁੱਟੇਦਾਰ ਅਤੇ ਉਨ੍ਹਾਂ ਦੇ ਚਾਰਟਡ ਅਕਾਊਂਟੈਂਟ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਸਨ। ਇਸ ਦੌਰਾਨ ਗੁੱਟੇਦਾਰ ਦੇ ਘਰ ਨੇੜੇ ਸੜੇ ਹੋਏ ਮਤਦਾਤਾ ਰਿਕਾਰਡ ਮਿਲੇ। ਇਸ ਬਾਰੇ ਗੁੱਟੇਦਾਰ ਨੇ ਦੱਸਿਆ ਕਿ ਦੀਵਾਲੀ ਮੌਕੇ ਉਨ੍ਹਾਂ ਦੇ ਸਟਾਫ ਨੇ ਸਾਰਾ ਕੂੜਾ ਸਾੜ ਦਿੱਤਾ। ਜੇਕਰ ਇਸ ਦੇ ਪਿੱਛੇ ਕੋਈ ਮੰਦ ਭਾਵਨਾ ਹੁੰਦੀ ਤਾਂ ਉਹ ਇਸ ਨੂੰ ਆਪਣੇ ਘਰ ਤੋਂ ਦੂਰ ਸਾੜਦੇ।
ਐੱਸਆਈਟੀ ਦੇ ਨਤੀਜਿਆਂ ’ਤੇ ਕਾਂਗਰਸ ਨੇ ਚੋਣ ਨਾਅਰੇ ‘ਵੋਟ ਚੋਰ, ਗੱਦੀ ਛੋੜ’ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਵੋਟ ਚੋਰੀ ਅਤੇ ਚੋਣ ਧੋਖਾਧੜੀ ਹੁਣ ਪੂਰੇ ਦੇਸ਼ ਦੇ ਸਾਹਮਣੇ ਆ ਗਈ ਹੈ। ਜਨਤਾ ਉਨ੍ਹਾਂ ਦੇ ਇਰਾਦਿਆਂ ਨੂੰ ਸਮਝ ਗਈ ਹੈ ਅਤੇ ਕਰਾਰਾ ਸਬਕ ਸਿਖਾਏਗੀ। ਪਾਰਟੀ ਨੇ ਕਿਹਾ ਕਿ ਵੋਟ ਚੋਰੀ ਦਾ ਇਹ ਪਰਦਾਫਾਸ਼ ਸਿਰਫ ਇਕ ਵਿਧਾਨ ਸਭਾ ਸੀਟ ਨਾਲ ਜੁੜਿਆ ਹੈ। ਭਾਜਪਾ ਨੇ ਇਸ ਤਰ੍ਹਾਂ ਦੀ ਵੋਟ ਚੋਰੀ ਕਿੱਥੇ-ਕਿੱਥੇ ਕੀਤੀ ਹੈ, ਇਹ ਸਾਹਮਣੇ ਆਉਣਾ ਬਾਕੀ ਹੈ। ਭਾਜਪਾ ਦੀ ਇਹ ਵੋਟ ਚੋਰੀ ਲੋਕਤੰਤਰ ’ਤੇ ਸਿੱਧਾ ਹਮਲਾ ਹੈ ਜਿੱਥੇ ਗਰੀਬਾਂ ਅਤੇ ਹਾਸ਼ੀਏ ’ਤੇ ਪਏ ਲੋਕਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਦਬਾਈ ਜਾ ਰਹੀ ਹੈ।