ਨਵੀਂ ਦਿੱਲੀ – ਕੇਂਦਰੀ ਡਰੱਗ ਪ੍ਰਯੋਗਸ਼ਾਲਾਵਾਂ ਨੇ ਸਤੰਬਰ 2025 ਦੇ ਮਾਸਿਕ ਡਰੱਗ ਅਲਰਟ ’ਚ ਵੱਖ-ਵੱਖ ਕੰਪਨੀਆਂ ਵੱਲੋਂ ਬਣਾਈਆਂ 52 ਦਵਾਈਆਂ ਦੇ ਨਮੂਨਿਆਂ ਨੂੰ ਸਟੈਂਡਰਡ ਤੋਂ ਘੱਟ ਗੁਣਵੱਤਾ (ਐੱਨਐੱਸਕਿਊ) ਵਾਲਾ ਐਲਾਨਿਆ ਹੈ। ਇਸੇ ਦੌਰਾਨ ਸੂਬਾਈ ਡਰੱਗ ਪ੍ਰੀਖਣ ਪ੍ਰਯੋਗਸ਼ਾਲਾਵਾਂ ਨੇ 60 ਨਮੂਨਿਆਂ ਨੂੰ ਗੁਣਵੱਤਾ ਨਿਯਮਾਂ ’ਤੇ ਖਰਾ ਨਹੀਂ ਪਾਇਆ।
ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਦਵਾਈਆਂ ਦੀ ਗੁਣਵੱਤਾ ਦੀ ਇਹ ਜਾਂਚ ਨਿਯਮਤ ਰੈਗੂਲੇਟਰੀ ਸਰਗਰਮੀਆਂ ਤਹਿਤ ਕੀਤੀ ਜਾਂਦੀ ਹੈ। ਹਰ ਮਹੀਨੇ ਸਟੈਂਡਰਡ ਤੋਂ ਘੱਟ ਤੇ ਨਕਲੀ ਦਵਾਈਆਂ ਦੀ ਸੂਚੀ ਸੀਡੀਐੱਸਸੀਓ (ਸੈਂਟਰਲ ਡਰੱਗਸ ਸਟੈਂਡਰਡ ਆਰਗੇਨਾਈਜ਼ੇਸ਼ਨ) ਦੀ ਵੈੱਬਸਾਈਟ ’ਤੇ ਜਾਰੀ ਕੀਤੀ ਜਾਂਦੀ ਹੈ। ਅਧਿਕਾਰੀਆਂ ਮੁਤਾਬਕ, ਇਨ੍ਹਾਂ ਦਵਾਈਆਂ ਨੂੰ ਗੁਣਵੱਤਾ ਦੇ ਇਕ ਜਾਂ ਜ਼ਿਆਦਾ ਪੈਮਾਨਿਆਂ ’ਤੇ ਨਾਕਾਮ ਪਾਇਆ ਗਿਆ ਹੈ। ਇਹ ਗੁਣਵੱਤਾ ਨਾਕਾਮੀ ਸਿਰਫ਼ ਉਸੇ ਬੈਚ ਤੱਕ ਸੀਮਤ ਹੈ ਜਿਸ ਦਾ ਪ੍ਰੀਖਣ ਕੀਤਾ ਗਿਆ ਹੈ ਤੇ ਇਸ ਦਾ ਅਸਰ ਬਾਜ਼ਾਰ ’ਚ ਉਪਲਬਧ ਹੋਰਨਾਂ ਦਵਾਈਆਂ ’ਤੇ ਨਹੀਂ ਮੰਨਿਆ ਜਾਣਾ ਚਾਹੀਦਾ।
ਸਤੰਬਰ ’ਚ ਛੱਤੀਸਗੜ੍ਹ ਤੋਂ ਇਕ ਦਵਾਈ ਦਾ ਨਮੂਨਾ ਨਕਲੀ ਪਾਇਆ ਗਿਆ। ਇਹ ਦਵਾਈ ਇਕ ਨਾਜਾਇਜ਼ ਨਿਰਮਾਤਾ ਵੱਲੋਂ ਇਕ ਹੋਰ ਕੰਪਨੀ ਦੇ ਬਰਾਂਡ ਨਾਂ ਦੀ ਦੁਰਵਰਤੋਂ ਕਰ ਕੇ ਬਣਾਈ ਗਈ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਾਨੂੰਨ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਕਿਰਿਆ ਸੂਬਾਈ ਰੈਗੂਲੇਟਰੀ ਅਧਿਕਾਰੀਆਂ ਦੇ ਸਹਿਯੋਗ ਨਾਲ ਨਿਯਮਤ ਰੂਪ ਨਾਲ ਕੀਤੀ ਜਾਂਦੀ ਹੈ ਤਾਂ ਜੋ ਸਟੈਂਡਰਡ ਤੋਂ ਘੱਟ ਜਾਂ ਨਕਲੀ ਦਵਾਈਆਂ ਨੂੰ ਸਮੇਂ ’ਤੇ ਬਾਜ਼ਾਰ ਤੋਂ ਹਟਾਇਆ ਜਾ ਸਕੇ ਤੇ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਹ ਕਦਮ ਦਵਾਈ ਗੁਣਵੱਤਾ ਸਟੈਂਡਰਡ ਨੂੰ ਸਖਤੀ ਨਾਲ ਲਾਗੂ ਕਰਨ ਤੇ ਸਿਹਤ ਸੁਰੱਖਿਆ ਨੂੰ ਤਰਜੀਹ ਦੇਣ ਦੀ ਸਰਕਾਰ ਦੀ ਨਿਰੰਤਰ ਕੋਸ਼ਿਸ਼ ਦਾ ਹਿੱਸਾ ਹੈ।