35 ਲੱਖ ਦੀ ਫੀਸ, ਫਿਰ ਲਾਸ਼ ਲਈ ਪੈਸੇ! ਮੋਹਾਲੀ ਦੇ ਮੈਕਸ ਹਸਪਤਾਲ ’ਤੇ ਗੰਭੀਰ ਦੋਸ਼, ਨਿੱਜੀ ਸਿਹਤ ਪ੍ਰਣਾਲੀ ’ਤੇ ਸਵਾਲ

ਮੋਹਾਲੀ (ਮਨੀਸ਼ ਰੇਹਾਨ) ਨਿੱਜੀ ਹਸਪਤਾਲਾਂ ਦੇ ਕੰਮਕਾਜ ਅਤੇ ਫੀਸ ਢਾਂਚੇ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਇਕ ਚੌਕਾਣ ਵਾਲਾ ਮਾਮਲਾ ਮੋਹਾਲੀ ਦੇ ਫੇਜ਼-6 ਸਥਿਤ ਮੈਕਸ ਹਸਪਤਾਲ ਤੋਂ ਸਾਹਮਣੇ ਆਇਆ ਹੈ। ਨਾਭਾ ਦੇ ਰਹਿਣ ਵਾਲੇ 58 ਸਾਲਾ ਹਰਜਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਪ੍ਰਬੰਧਨ ’ਤੇ ਗ਼ੈਰ-ਜ਼ਰੂਰੀ ਸਰਜਰੀਆਂ, ਕਰੀਬ 35 ਲੱਖ ਰੁਪਏ ਦੀ ਵਸੂਲੀ ਅਤੇ ਮੌਤ ਮਗਰੋਂ ਲਾਸ਼ ਸੌਂਪਣ ਲਈ 7.21 ਲੱਖ ਰੁਪਏ ਹੋਰ ਮੰਗਣ ਦੇ ਗੰਭੀਰ ਦੋਸ਼ ਲਗਾਏ ਹਨ।

ਮ੍ਰਿਤਕ ਦੇ ਭਰਾ ਹਰਿੰਦਰ ਸਿੰਘ ਮੁਤਾਬਕ, ਹਰਜਿੰਦਰ ਸਿੰਘ ਨੂੰ ਢਿੱਡ ਵਿੱਚ ਇਨਫੈਕਸ਼ਨ ਦੀ ਸਮੱਸਿਆ ਕਾਰਨ 6 ਨਵੰਬਰ ਨੂੰ ਮੈਕਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਸਦਾ ਇਲਾਜ ਪਟਿਆਲਾ ਦੇ ਕੋਲੰਬੀਆ ਹਸਪਤਾਲ ਵਿੱਚ ਚੱਲ ਰਿਹਾ ਸੀ। ਮੈਕਸ ਹਸਪਤਾਲ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਮਰੀਜ਼ ਦੀ ਛੋਟੀ ਅੰਤੜੀ ਵਿੱਚ ਲੀਕੇਜ ਹੋ ਗਈ ਹੈ, ਜਿਸ ਲਈ ਤੁਰੰਤ ਸਰਜਰੀ ਲਾਜ਼ਮੀ ਹੈ।

ਪਰਿਵਾਰ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਹਸਪਤਾਲ ਨੇ ਇਕ ਤੋਂ ਬਾਅਦ ਇਕ ਕਈ ਸਰਜਰੀਆਂ ਕੀਤੀਆਂ ਅਤੇ ਹਰ ਵਾਰ ਮਰੀਜ਼ ਦੀ ਹਾਲਤ ਗੰਭੀਰ ਦੱਸ ਕੇ ਪਰਿਵਾਰ ਤੋਂ ਵੱਡੀ ਰਕਮ ਵਸੂਲੀ ਗਈ। ਕੁੱਲ ਮਿਲਾ ਕੇ ਕਰੀਬ 35 ਲੱਖ ਰੁਪਏ ਹਸਪਤਾਲ ਨੂੰ ਅਦਾ ਕੀਤੇ ਗਏ। ਇਸ ਦੇ ਬਾਵਜੂਦ, ਹਸਪਤਾਲ ਪ੍ਰਬੰਧਨ ਨੇ ਕਹਿ ਦਿੱਤਾ ਕਿ ਮੁੜ ਲੀਕੇਜ ਹੋ ਗਈ ਹੈ ਅਤੇ ਮਰੀਜ਼ ਦੀ ਹਾਲਤ ਹੋਰ ਨਾਜ਼ੁਕ ਬਣ ਗਈ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ, ਐਤਵਾਰ ਦੁਪਹਿਰ ਕਰੀਬ 1 ਵਜੇ ਹਸਪਤਾਲ ਵੱਲੋਂ ਹਰਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਥੇ ਹੀ ਮਾਮਲੇ ਨੇ ਹੋਰ ਵੀ ਗੰਭੀਰ ਮੋੜ ਲੈ ਲਿਆ, ਜਦੋਂ ਦੋਸ਼ ਲਗਾਇਆ ਗਿਆ ਕਿ ਹਸਪਤਾਲ ਨੇ ਲਾਸ਼ ਸੌਂਪਣ ਲਈ 7.21 ਲੱਖ ਰੁਪਏ ਹੋਰ ਜਮ੍ਹਾਂ ਕਰਵਾਉਣ ਦੀ ਸ਼ਰਤ ਰੱਖੀ। ਰਕਮ ਅਦਾ ਨਾ ਕਰਨ ’ਤੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਹਰਿੰਦਰ ਸਿੰਘ ਨੇ ਕਿਹਾ ਕਿ ਇਲਾਜ ਦੌਰਾਨ ਉਹ ਪਹਿਲਾਂ ਹੀ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਖਰਚਾ ਚੁਕਾਇਆ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਕੀ ਮੌਤ ਤੋਂ ਬਾਅਦ ਵੀ ਲਾਸ਼ ਨੂੰ ਬੰਧਕ ਬਣਾ ਕੇ ਪੈਸੇ ਵਸੂਲੇ ਜਾ ਸਕਦੇ ਹਨ?

ਇਸ ਮਾਮਲੇ ਬਾਰੇ ਮੈਕਸ ਹਸਪਤਾਲ ਦੇ ਬੁਲਾਰੇ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਸੇ ਵੀ ਦੋਸ਼ ’ਤੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਮਗਰੋਂ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।

Mohali Max Hospital controversy, Max Hospital Mohali allegations, private hospital loot Punjab, Mohali hospital dead body demand money, Punjab hospital billing scam, Max Hospital surgery charges, Mohali hospital news, Punjab health news