ਜੰਮੂ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਖੇਤਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇਲਾਕੇ ਦੇ ਕੰਡਵਾ ਨੇੜੇ ਸੀਆਰਪੀਐਫ ਵਾਹਨ ਦੇ ਹਾਦਸਾਗ੍ਰਸਤ ਹੋਣ ਨਾਲ 3 ਸੀਆਰਪੀਐਫ ਜਵਾਨ ਮਾਰੇ ਗਏ ਜਦੋਂ ਕਿ 15 ਹੋਰ ਜ਼ਖਮੀ ਹੋ ਗਏ।
ਊਧਮਪੁਰ, ਐਡੀਸ਼ਨਲ ਐਸਪੀ ਸੰਦੀਪ ਭੱਟ ਨੇ ਕਿਹਾ ਕਿ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਇੱਕ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਗੱਡੀ ਸੜਕ ਤੋਂ ਫਿਸਲ ਕੇ ਇੱਕ ਨਾਲੇ ਵਿੱਚ ਡਿੱਗ ਗਈ। ਇਸ ਨਾਲ ਤਿੰਨ ਜਵਾਨ ਮਾਰੇ ਗਏ ਅਤੇ 15 ਜ਼ਖਮੀ ਹੋ ਗਏ। ਇਹ ਘਟਨਾ ਸਵੇਰੇ 10:30 ਵਜੇ ਦੇ ਕਰੀਬ ਕਡਵਾ ਖੇਤਰ ਵਿੱਚ ਵਾਪਰੀ। ਉਸ ਸਮੇਂ ਜਵਾਨ ਬਸੰਤਗੜ੍ਹ ਤੋਂ ਇੱਕ ਆਪ੍ਰੇਸ਼ਨ ਤੋਂ ਵਾਪਸ ਆ ਰਹੇ ਸਨ। ਗੱਡੀ ਵਿੱਚ ਅਰਧ ਸੈਨਿਕ ਬਲ ਦੀ 187ਵੀਂ ਬਟਾਲੀਅਨ ਸੀ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਦਫ਼ਤਰ ਨੇ ਇਸ ਘਟਨਾ ‘ਤੇ ਟਵੀਟ ਕੀਤਾ ਕਿ ਮੈਂ ਊਧਮਪੁਰ ਨੇੜੇ ਇੱਕ ਹਾਦਸੇ ਵਿੱਚ ਸੀਆਰਪੀਐਫ ਜਵਾਨਾਂ ਦੀ ਮੌਤ ਤੋਂ ਦੁਖੀ ਹਾਂ। ਅਸੀਂ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਮਿਸਾਲੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ। ਮੈਂ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਭ ਤੋਂ ਵਧੀਆ ਸੰਭਵ ਦੇਖਭਾਲ ਅਤੇ ਸਹਾਇਤਾ ਯਕੀਨੀ ਬਣਾਉਣ।