ਇਮਰਾਨ ਖ਼ਾਨ ਵੱਲੋਂ ਪਾਕਿ ’ਚ ਕੌਮੀ ਅੰਦੋਲਨ ਦਾ ਐਲਾਨ, ਜੇਲ੍ਹ ‘ਚ ਬੰਦ ਹਨ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ

ਲਾਹੌਰ – ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੁਲਕ ਦੇ ਸੁਤੰਤਰਤਾ ਦਿਵਸ ਮੌਕੇ ਇਕ ਵਾਰ ਫਿਰ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਉਹ ਲੁਟੇਰਿਆਂ ਤੇ ਬੇਵਕੂਫ਼ਾਂ ਦੇ ਗੱਠਜੋੜ ਅੱਗੇ ਕਦੇ ਨਹੀਂ ਝੁਕਣਗੇ। ਵੀਰਵਾਰ ਨੂੰ ਇਮਰਾਨ ਨੇ ਐਕਸ ’ਤੇ ਵਰਕਰਾਂ ਨੂੰ ਸੱਦਾ ਦਿੰਦੇ ਹੋਏ ਲਿਖਿਆ ਕਿ 14 ਅਗਸਤ ਨੂੰ ਸਾਡੇ ਲਈ ਫ਼ੈਸਲਾਕੁੰਨ ਮੌਕਾ ਹੈ। ਮੁਲਕ ਵਿਚ ਜਦੋਂ ਤੱਕ ਕਾਨੂੰਨ ਤੇ ਸੰਵਿਧਾਨ ਦਾ ਰਾਜ ਨਹੀਂ ਆ ਜਾਂਦਾ, ਉਦੋਂ ਤੱਕ ਅਸੀਂ ਆਜ਼ਾਦ ਕਹਾਉਣ ਦੇ ਹੱਕਦਾਰ ਨਹੀਂ ਹਾਂ। ਇਸ ਆਜ਼ਾਦੀ ਦੇ ਦਿਨ ਪੂਰੇ ਮੁਲਕ ਨੂੰ ਫਾਸਿਸਟ ਤਾਕਤਾਂ ਵਿਰੁੱਧ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਦੇ ਦੌਰ ਵਿਚ ਜਦੋਂ ਦੇਸ਼ ਵਿਚ ਮਾਰਸ਼ਲ ਲਾਅ ਲਾਗੂ ਸੀ, ਉਦੋਂ ਵੀ ਏਨੇ ਬੁਰੇ ਹਾਲਾਤ ਨਹੀਂ ਸਨ। ਯਾਦ ਰਹੇ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਬੀਤੀ ਪੰਜ ਅਗਸਤ ਨੂੰ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ ਤੇ ਅੰਦੋਲਨ ਕੀਤਾ ਸੀ, ਉਦੋਂ ਪਾਰਟੀ ਦੇ 1000 ਆਗੂ ਤੇ ਵਰਕਰ ਗ੍ਰਿਫ਼ਤਾਰ ਕੀਤੇ ਗਏ ਸਨ।