PM Modi ਦੇ ‘ਮਨ ਕੀ ਬਾਤ’ ਨਾਲ ਸਰਕਾਰ ਨੂੰ 34.13 ਕਰੋੜ ਰੁਪਏ ਦੀ ਹੋਈ ਕਮਾਈ,

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨਾਲ ਸਰਕਾਰ ਨੂੰ ਇਸ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 34.13 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐੱਲ ਮੁਰੁਗਨ ਨੇ ਇਕ ਪ੍ਰਸ਼ਨ ਦੇ ਲਿਖਤੀ ਜਵਾਬ ਵਿਚ ਸ਼ੁੱਕਰਵਾਰ ਨੂੰ ਰਾਜਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਮੌਜੂਦਾ ਸਰੋਤਾਂ ਰਾਹੀਂ ਬਿਨਾਂ ਕਿਸੇ ਵਾਧੂ ਖਰਚ ਦੇ ਤਿਆਰ ਕੀਤਾ ਜਾਂਦਾ ਹੈ।

ਮੁਰੁਗਨ ਨੇ ਦੱਸਿਆ ਕਿ ‘ਮਨ ਕੀ ਬਾਤ’ ਪ੍ਰੋਗਰਾਮ ਪੁਰਾਤਨ ਅਤੇ ਡਿਜੀਟਲ ਦੋਹਾਂ ਮਾਧਿਅਮਾਂ ਰਾਹੀਂ ਸ਼੍ਰੋਤਿਆਂ ਤੱਕ ਪਹੁੰਚਦਾ ਹੈ। ਇਸ ਦਾ ਪਹਿਲਾ ਪ੍ਰਸਾਰਣ 3 ਅਕਤੂਬਰ 2014 ਨੂੰ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਇਕ ਵੱਡਾ ਵਰਗ ਆਕਾਸ਼ਵਾਣੀ ਦੇ ਰਾਸ਼ਟਰੀ ਅਤੇ ਖੇਤਰੀ ਨੈੱਟਵਰਕ ਰਾਹੀਂ ਇਸ ਪ੍ਰੋਗਰਾਮ ਨੂੰ ਸੁਣਦਾ ਹੈ। ਇਸ ਦੇ ਨਾਲ ਨਾਲ ਖੇਤਰੀ ਭਾਸ਼ਾਵਾਂ ’ਚ ਵੀ ਇਸ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਤਾਂ ਜੋ ਇਹ ਸਥਾਨਕ ਸ਼੍ਰੋਤਿਆਂ ਤੱਕ ਪਹੁੰਚ ਸਕੇ।

ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਅਤੇ ਖੇਤਰੀ ਚੈਨਲਾਂ ’ਤੇ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ, ਡੀਡੀ ਫ੍ਰੀ ਡਿਸ਼ ਰਾਹੀਂ 48 ਆਕਾਸ਼ਵਾਣੀ ਰੇਡੀਓ ਚੈਨਲ ਅਤੇ 92 ਨਿੱਜੀ ਟੀਵੀ ਚੈਨਲਾਂ ’ਤੇ ਵੀ ਇਸ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਸ ਨਾਲ ਇਹ ਦੇਸ਼ ਦੇ ਪਿੰਡਾਂ ਅਤੇ ਦੂਰਦਰਾਜ਼ ਇਲਾਕਿਆਂ ਤੱਕ ਵੀ ਸੁਣਿਆ ਜਾ ਸਕਦਾ ਹੈ।

.ਮੰਤਰੀ ਨੇ ਦੱਸਿਆ ਕਿ ‘ਮਨ ਕੀ ਬਾਤ’ ਦੇ ਦ੍ਰਿਸ਼ ਫਾਰਮੈੱਟ (ਵਿਜ਼ੂਅਲ ਫਾਰਮੈਟ) ਨੇ ਦਰਸ਼ਕਾਂ ਨੂੰ ਜੋੜਨ ਅਤੇ ਸਮੂਹਿਕ ਤੌਰ ’ਤੇ ਵਿਚਾਰ-ਚਰਚਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪੀਐੱਮਓ ਇੰਡੀਆ, ਆਕਾਸ਼ਵਾਣੀ ਅਤੇ ਪ੍ਰਸਾਰ ਭਾਰਤੀ ਦੇ ਯੂਟਿਊਬ ਚੈਨਲਾਂ, ਪ੍ਰਸਾਰ ਭਾਰਤੀ ਦੇ ਓਟੀਟੀ ਪਲੇਟਫਾਰਮ ਵੇਵਜ਼ ਅਤੇ ਆਲ ਇੰਡੀਆ ਰੇਡੀਓ ਦੇ ਮੋਬਾਈਲ ਐਪ ‘ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਹੈ। ਨਿਊਜ਼ ਆਨ ਏਆਰ ਮੋਬਾਈਲ ’ਤੇ 260 ਤੋਂ ਵੱਧ ਆਕਾਸ਼ਵਾਣੀ ਚੈਨਲ ਉਪਲਬਧ ਹਨ। ਇਹ ਪ੍ਰੋਗਰਾਮ ਪ੍ਰਸਾਰ ਭਾਰਤੀ ਦੀ ਨਿਊਜ਼ ਫੀਡ ਸੇਵਾ ‘ਪੀਬੀ ਸ਼ਬਦ’ ’ਤੇ ਵੀ ਉਪਲਬਧ ਕਰਵਾਇਆ ਜਾਂਦਾ ਹੈ ਤਾਂ ਜੋ ਇਸ ਨੂੰ ਵੱਖ-ਵੱਖ ਮੰਚਾਂ ਅਤੇ ਚੈਨਲਾਂ ਰਾਹੀਂ ਵਿਆਪਕ ਤੌਰ ‘ਤੇ ਪ੍ਰਸਾਰਿਤ ਕੀਤਾ ਜਾ ਸਕੇ। ਪ੍ਰੋਗਰਾਮ ਨੂੰ ਫੇਸਬੁੱਕ, ਐਕਸ, ਇੰਸਟਾਗ੍ਰਾਮ ਸਮੇਤ ਕਈ ਇੰਟਰਨੈੱਟ ਮੀਡੀਆ ਪਲੇਟਫਾਰਮਾਂ ‘ਤੇ ਵੀ ਦੇਸ਼ ਅਤੇ ਦੁਨੀਆ ਭਰ ਵਿਚ ਦਰਸ਼ਕ ਸੁਣਦੇ ਅਤੇ ਦੇਖਦੇ ਹਨ।