ਨਵੀਂ ਦਿੱਲੀ – ਆਪਰੇਸ਼ਨ ਸਿੰਦੂਰ (Operation Sindoor) ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਬੁਰੇ ਤਰੀਕੇ ਨਾਲ ਧੂੜ ਚਟਾਈ ਸੀ। ਇਸ ਦੌਰਾਨ ਨਾ ਸਿਰਫ ਪਾਕਿਸਤਾਨ ‘ਚ ਪਨਾਹ ਹਾਸਲ ਕਰਨ ਵਾਲੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ, ਸਗੋਂ ਅੱਤਵਾਦੀਆਂ ਦਾ ਸਾਥ ਦੇਣ ਵਾਲੀ ਪਾਕਿਸਤਾਨੀ ਫੌਜ ਨੂੰ ਵੀ ਭਾਰਤ ਦੇ ਵੀਰ ਸੈਨਿਕਾਂ ਨੇ ਜਵਾਬ ਦਿੱਤਾ।
ਇਸ ਦੌਰਾਨ ਭਾਰਤੀ ਹਵਾਈ ਫੌਜ ਦੇ ਮੁਖੀ ਨੇ ਸ਼ਨਿਚਰਵਾਰ ਨੂੰ ਇਕ ਮਹੱਤਵਪੂਰਨ ਜਾਣਕਾਰੀ ਦਿੱਤੀ। ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਬੈਂਗਲੁਰੂ ‘ਚ ਏਅਰ ਮਾਰਸ਼ਲ ਕਾਤਰੇ ਸਾਲਾਨਾ ਵਿਆਖਿਆ ‘ਚ ਦੱਸਿਆ ਕਿ ਆਪਰੇਸ਼ਨ ਸਿੰਦੂਰ ਦੌਰਾਨ ਪੰਜ ਪਾਕਿਸਤਾਨੀ ਲੜਾਕੂ ਜਹਾਜ਼ ਤੇ ਇਕ ਹੋਰ ਵੱਡਾ ਜਹਾਜ਼ ਡੇਗੇ ਗਏ।
ਭਾਰਤੀ ਹਵਾਈ ਫੌਜ ਦੇ ਮੁਖੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਨੂੰ ਰੋਕਣ ‘ਚ ਰੂਸ ਵੱਲੋਂ ਬਣਾਏ S-400 ਏਅਰ ਡਿਫੈਂਸ ਸਿਸਟਮ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਜਿਹੜਾ ਵੱਡਾ ਜਹਾਜ਼ ਡੇਗਿਆ ਗਿਆ ਉਹ ਇਕ AWACS (ਏਅਰਬੋਰਨ ਵਾਰਨਿੰਗ ਅਤੇ ਕੰਟਰੋਲ ਸਿਸਟਮ) ਸੀ।
ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਅੱਤਵਾਦੀ ਟਿਕਾਣਿਆਂ ਦੀ ਉਪਗ੍ਰਹਿ ਤਸਵੀਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ (ਬਹਾਵਲਪੁਰ – ਜੈਸ਼-ਏ-ਮੁਹੰਮਦ ਦੇ ਹੈੱਡ ਕੁਆਰਟਰ ‘ਤੇ) ਸਾਡੇ ਵੱਲੋਂ ਪਹੁੰਚਾਏ ਗਏ ਨੁਕਸਾਨ ਦੀ ਪਹਿਲਾਂ ਤੇ ਬਾਅਦ ਦੀਆਂ ਤਸਵੀਰਾਂ ਹਨ। ਇੱਥੇ ਲਗਪਗ ਕੋਈ ਅਵਸ਼ੇਸ਼ ਨਹੀਂ ਬਚਿਆ ਹੈ। ਆਸ-ਪਾਸ ਦੀਆਂ ਇਮਾਰਤਾਂ ਲਗਪਗ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸਾਡੇ ਕੋਲ ਨਾ ਸਿਰਫ ਉਪਗ੍ਰਹਿ ਚਿੱਤਰ ਸਨ, ਬਲਕਿ ਸਥਾਨਕ ਮੀਡੀਆ ਤੋਂ ਵੀ ਤਸਵੀਰਾਂ ਸਨ, ਜਿਨ੍ਹਾਂ ਰਾਹੀਂ ਅਸੀਂ ਅੰਦਰ ਦੀਆਂ ਤਸਵੀਰਾਂ ਪ੍ਰਾਪਤ ਕਰ ਸਕਦੇ ਸੀ।